ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 11 ਸਤੰਬਰ
ਪਿੰਡ ਧੁੰਨ ਢਾਏ ਵਾਲਾ ਵਿੱਚ ਅੱਜ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦ ਹੋਏ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮਗਰੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੌਮੀ ਝੰਡਾ ਲਹਿਰਾਇਆ। ਪੰਜਾਬ ਪੁਲੀਸ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਇਸ ਮਗਰੋਂ ਡਿੰਪਾ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਡਿਪਟੀ ਕਮਿਸ਼ਨਰ ਤਰਨ ਤਾਰਨ ਮਨੀਸ਼ ਕੁਮਾਰ, ਬ੍ਰਿਗੇਡੀਅਰ ਸਤਿੰਦਰਜੀਤ ਸਿੰਘ, ਡਾ ਗੁਰਿੰਦਰਪਾਲ ਸਿੰਘ ਜੋਸਨ, ਡੀਐੱਸਪੀ ਕੰਵਲਜੀਤ ਸਿੰਘ, ਕਰਨਲ ਰੁਪਿੰਦਰ ਸਿੰਘ ਅਤੇ ਹੋਰਾਂ ਨੇ ਨਾਇਕ ਲਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਡਿੰਪਾ ਨੇ ਕਿਹਾ ਕਿ ਨਾਇਕ ਲਾਲ ਸਿੰਘ ਸਾਰਾਗੜ੍ਹੀ ਦੇ ਕਿਲ੍ਹੇ ਵਿਚ ਲੜਾਈ ਵੇਲੇ ‘ਸੈਕਿੰਡ ਇਨ ਕਮਾਂਡ’ ਸਨ ਅਤੇ ਉਹ 7 ਘੰਟੇ ਤੋਂ ਵੱਧ ਸਮਾਂ ਦੁਸ਼ਮਣਾਂ ਨਾਲ ਲੋਹਾ ਲੈਂਦੇ ਰਹੇ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਇਤਹਾਸ ਕੌਮਾਂ ਦਾ ਸਰਮਾਇਆ ਹੁੰਦਾ ਹੈ, ਇਸ ਕਰਕੇ ਇਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣਾ ਇਤਿਹਾਸ ਭੁੱਲ ਜਾਂਦੇ ਹਨ ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਰਹਿੰਦਾ। ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੇ ਕਿਹਾ ਕਿ ਇਹ ਦੁਨੀਆਂ ਦੀਆਂ ਅਸਾਵੀਆਂ ਜੰਗਾਂ ’ਚੋਂ ਇਕ ਮੰਨੀ ਜਾਂਦੀ ਹੈ। ਇਸ ਮੌਕੇ ਗੁਰਬਚਨ ਸਿੰਘ ਕਰਮੂੰਵਾਲਾ, ਹਰਪ੍ਰੀਤ ਸਿੰਘ ਭੱਟੀ, ਦਿਲਰਾਜ ਸਿੰਘ, ਸੂਬੇਦਾਰ ਸਤਿੰਦਰ ਸਿੰਘ, ਸੁਬੇਗ ਸਿੰਘ ਧੁੰਨ, ਚਰਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।