ਪੱਤਰ ਪ੍ਰੇਰਕ
ਪਠਾਨਕੋਟ, 10 ਜਨਵਰੀ
ਭਾਰਤੀ ਸੈਨਾ ਦੀ 23 ਪੰਜਾਬ ਰੈਜਮੈਂਟ ਦੇ ਸ਼ੌਰਿਆ ਚੱਕਰ ਵਿਜੇਤਾ ਸ਼ਹੀਦ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦਾ 26ਵਾਂ ਸ਼ਰਧਾਂਜਲੀ ਸਮਾਗਮ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਅੱਜ ਇੱਥੇ ਕੀਤਾ ਗਿਆ।
ਇਸ ਸਮਾਗਮ ਵਿੱਚ ਸ਼ਹੀਦ ਦੇ ਪਿਤਾ ਸੇਵਾਮੁਕਤ ਕਰਨਲ ਸਾਗਰ ਸਿੰਘ ਸਲਾਰੀਆ, ਸੇਵਾਮੁਕਤ ਮੇਜਰ ਜਨਰਲ ਐਸਕੇ ਖਜੂਰੀਆ, ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਫ਼ੌਜ ਦੇ 21 ਸਬ-ਏਰੀਆ ਸਟੇਸ਼ਨ ਦੇ ਕਰਨਲ ਜੇਐਸ ਰਾਠੌਰ ਤੇ ਕਰਨਲ ਰੁਪਿੰਦਰ ਪਾਠਕ, 16 ਪੰਜਾਬ ਰਜਮੈਂਟ ਦੇ ਕਮਾਂਡਰ ਕਰਨਲ ਦੁਸ਼ਿਅੰਤ ਸਨਵਨੇ, 30 ਪੰਜਾਬ ਰਜਮੈਂਟ ਦੇ ਮੇਜਰ ਸ਼ੇਖਰਦੀਪ, ਬਿੱਟਾ ਕਾਟਲ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਸ੍ਰੀ ਖਜੂਰੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਪਿੱਛੇ ਕੁਰਬਾਨੀਆਂ ਦਾ ਲੰਬਾ ਇਤਿਹਾਸ ਹੈ। ਮੁਲਕ ਦੀ ਆਜ਼ਾਦੀ ਲਈ ਹੀ ਲੈਫਟੀਨੈਂਟ ਗੁਰਦੀਪ ਸਲਾਰੀਆ ਜਿਹੇ ਜਾਂਬਾਜ਼ ਸ਼ਹਾਦਤਾਂ ਦੇ ਰਹੇ ਹਨ। ਸ੍ਰੀ ਰਾਠੌਰ ਨੇ ਕਿਹਾ ਕਿ ਸ਼ਹੀਦ ਲੈਫਟੀਨੈਂਟ ਗੁਰਦੀਪ ਸਲਾਰੀਆ ਜਿਹੇ ਜਾਂਬਾਜ਼ ਭਾਰਤੀ ਸੈਨਾ ਦਾ ਮਾਣ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਿਤਾ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਭਾਰਤੀ ਸੈਨਾ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਕਰਨਲ ਦੁਸ਼ਿਅੰਤ ਸਨਵਨੇ ਨੇ ਕਿਹਾ ਕਿ ਸ਼ਹੀਦ ਸਲਾਰੀਆ ਦੀ ਸ਼ਹਾਦਤ ਪ੍ਰੇਰਨਾ ਸਰੋਤ ਹੈ।