ਪਠਾਨਕੋਟ: ਭਾਰਤੀ ਸੈਨਾ ਅਸ਼ੋਕ ਚੱਕਰ ਜੇਤੂ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦਾ 27ਵਾਂ ਸ਼ਰਧਾਂਜਲੀ ਸਮਾਗਮ ਦੋ ਸਥਾਨਾਂ ’ਤੇ ਹੋਇਆ। ਪਹਿਲਾ ਸ਼ਰਧਾਂਜਲੀ ਸਮਾਗਮ ਸੈਨਾ ਦੇ 21 ਸਬ-ਏਰੀਆ ਹੈੱਡਕੁਆਰਟਰ ਵੱਲੋਂ ਪਰਾਕ੍ਰਮ ਸਥਲ ’ਤੇ ਅਤੇ ਦੂਸਰਾ ਸਮਾਗਮ ਸ਼ਹੀਦ ਦੇ ਜੱਦੀ ਕਸਬੇ ਸੁਜਾਨਪੁਰ ਵਿੱਚ ਕੀਤਾ ਗਿਆ। ਪਰਾਕ੍ਰਮ ਸਥਲ ’ਤੇ ਸਮਾਗਮ ਵਿੱਚ ਸਬ-ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐੱਸ ਸ਼ਾਰਦਾ, ਐੱਸਐੱਮ, ਵੀਐੱਸਐੱਮ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦੇ ਪਿਤਾ ਕਰਨਲ ਪ੍ਰਭਾਤ ਜਸਰੋਟੀਆ, ਭਰਾ ਐਕਸੀਅਨ ਰਾਕੇਸ਼ ਜਸਰੋਟੀਆ, ਕਰਨਲ ਸਾਗਰ ਸਿੰਘ ਸਲਾਰੀਆ, ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਕਰਨਲ ਗੌਰਵ ਠਾਕੁਰ, ਕਰਨਲ ਜੇਐਸ ਰਾਠੌਰ, ਕਰਨਲ ਰੁਪਿੰਦਰ ਪਾਠਕ ਆਦਿ ਨੇ ਸ਼ਾਮਲ ਹੋ ਕੇ ਸ਼ਹੀਦ ਨੂੰ ਨਮਨ ਕੀਤਾ। ਸੈਨਾ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਅਤੇ ਬਿਗਲ ਵਜਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਸਬ-ਏਰੀਆ ਕਮਾਂਡਰ ਅਤੇ ਸ਼ਹੀਦ ਸੈਨਿਕ ਪਰਿਵਾਰ ਪ੍ਰੀਸ਼ਦ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਸ਼ਹੀਦ ਦੇ ਪਿਤਾ ਕਰਨਲ ਪ੍ਰਭਾਤ ਜਸਰੋਟੀਆ ਅਤੇ ਭਰਾ ਰਾਕੇਸ਼ ਜਸਰੋਟੀਆ ਨੂੰ ਦੁਸ਼ਾਲਾ ਭੇਟ ਕੀਤਾ। ਇਸੇ ਤਰ੍ਹਾਂ ਦੂਸਰੇ ਸਮਾਗਮ ਵਿੱਚ ਵੀ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। -ਪੱਤਰ ਪ੍ਰੇਰਕ