ਪੱਤਰ ਪ੍ਰੇਰਕ
ਮਜੀਠਾ, 22 ਜੂਨ
ਮਜੀਠਾ ਤੇ ਨੇੜਲੇ ਇਲਾਕੇ ‘ਚ ਤੇਜ਼ ਤੁੂਫਾਨ ਨਾਲ ਦਰੱਖ਼ਤ ਡਿੱਗਣ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਮਜੀਠਾ ਤੇ ਆਸ ਪਾਸ ਦੇ ਇਲਾਕੇ ਵਿੱਚ ਤੇਜ਼ ਤੁੂਫਾਨ ਆਉਣ ਨਾਲ ਸੜਕਾਂ ਕਿਨਾਰੇ ਅਤੇ ਖੇਤਾਂ ਵਿੱਚ ਲੱਗੇ ਦਰੱਖਤਾਂ ਦਾ ਭਾਰੀ ਨੁਕਸਾਨ ਹੋਇਆ।
ਸੜਕਾਂ ’ਤੇ ਵੱਡੇ ਦਰੱਖਤ ਪੁੱਟੇ ਜਾਣ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ, ਉਥੇ ਹੀ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਰਹੀ। ਜਾਣਕਾਰੀ ਮੁਤਾਬਿਕ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਦੀਆਂ 11 ਕੇਵੀ ਲਾਈਨਾਂ ਟੁੱਟ ਗਈਆਂ ਤੇ ਸ਼ਹਿਰ ਵਿੱਚ ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ।੍ ਇਸ ਤੋਂ ਇਲਾਵਾ ਦਰੱਖਤ ਡਿੱਗਣ ਕਾਰਨ ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਸ਼ਹਿਰ ਵਿੱਚ 24 ਘੰਟੇ ਵਾਲੀ ਬਿਜਲੀ ਸਪਲਾਈ ਬੰਦ ਹੋਣ ਨਾਲ ਆਮ ਲੋਕਾਂ, ਦੁਕਾਨਦਾਰਾਂ, ਕਾਰੋਬਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰ ਲਿਖੇ ਜਾਣ ਤੱਕ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਸੀ।