ਪੱਤਰ ਪ੍ਰੇਰਕ
ਚੇਤਨਪੁਰਾ, 22 ਮਈ
ਇੱਥੋਂ ਨੇੜਲੇ ਪਿੰਡ ਖਤਰਾਏ ਖੁਰਦ ਵਿੱਚ ਚੋਰਾਂ ਨੇ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰ ਲਿਆ ਹੈ। ਇਸ ਸਬੰਧੀ ਸਾਬਕਾ ਸਰਪੰਚ ਧੰਨਬੀਰ ਸਿੰਘ ਸਰਕਾਰੀਆ, ਦਲਜੀਤ ਸਿੰਘ, ਗੁਰਿੰਦਰ ਸਿੰਘ, ਹਰਜੀਤ ਸਿੰਘ ਲਾਡੀ ਸਰਕਾਰੀਆ, ਤਰਸੇਮ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਟਰਾਂਸਫਾਰਮਰ ਉਨ੍ਹਾਂ ਦਾ ਸਾਂਝਾ ਹੈ। ਉਹ ਜਦੋਂ ਅੱਜ ਮੋਟਰ ਚਲਾਉਣ ਖੇਤਾਂ ਵਿੱਚ ਗਏ ਤਾਂ ਜਾ ਕੇ ਦੇਖਿਆ ਕਿ ਚੋਰਾਂ ਵੱਲੋਂ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਬਿਜਲੀ ਵਿਭਾਗ ਤੇ ਥਾਣਾ ਝੰਡੇਰ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ, ਪਿੰਡ ਕੰਦੋਵਾਲੀ ਦੇ ਵਸਨੀਕ ਵੈਟਰਨਰੀ ਡਾ. ਹਰਦਿਆਲ ਸਿੰਘ, ਜੋ ਕਿ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਵੀ ਹਨ, ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਮਜੀਠਾ ਨੂੰ ਜਾ ਰਹੇ ਸਨ। ਪਿੰਡ ਦਾਦੂਪੁਰਾ ਨੇੜੇ ਕਰਨ ਪੈਲੇਸ ਕੋਲ ਅਣਪਛਾਤੇ ਹਥਿਆਬੰਦ ਲੁਟੇਰਿਆਂ ਨੇ ਦਾਤਰ ਮਾਰ ਕੇ ਉਸ ਕੋਲੋਂ 10 ਹਜ਼ਾਰ ਰੁਪਏ ਨਕਦ, ਦੋ ਮੋਬਾਈਲ ਤੇ ਬਟੂਆ ਖੋਹ ਲਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਮਜੀਠਾ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ।