ਐਨਪੀ. ਧਵਨ
ਪਠਾਨਕੋਟ, 23 ਅਗਸਤ
ਅੱਜ ਇੱਥੇ ਚੱਕੀ ਪੁਲ ਕੋਲ ਉਤਰਾਈ ’ਤੇ ਇੱਕ ਟਰਾਲਾ ਬਰੇਕ ਫੇਲ੍ਹ ਹੋ ਜਾਣ ਨਾਲ ਬੇਕਾਬੂ ਹੋ ਗਿਆ ਅਤੇ ਉਸ ਨੇ ਇੱਕ ਬੱਸ, 3 ਕਾਰਾਂ, ਇੱਕ ਆਟੋ ਰਿਕਸ਼ਾ, ਇੱਕ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਕਾਰ ਦਾ ਬੁਰੀ ਤਰ੍ਹਾਂ ਨਾਲ ਕਚੂੰਮਰ ਨਿਕਲ ਗਿਆ ਅਤੇ ਉਸ ਵਿੱਚ ਫਸੀਆਂ ਸਵਾਰੀਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ 7 ਲੋਕ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸਾ ਵਾਪਰਦੇ ਸਾਰ ਟਰਾਲੇ ਦਾ ਡਰਾਈਵਰ ਡਰਦਾ ਹੀ ਟਰਾਲਾ ਉਥੇ ਛੱਡ ਕੇ ਭੱਜ ਗਿਆ ਅਤੇ ਪੁਲੀਸ ਵੀ ਮੌਕੇ ਉਪਰ ਪੁੱਜ ਗਈ ਤੇ ਪੁਲੀਸ ਨੇ ਬੜੀ ਮੁਸ਼ੱਕਤ ਬਾਅਦ ਹਾਦਸਾਗ੍ਰਸਤ ਵਾਹਨਾਂ ਨੂੰ ਇੱਕ ਸਾਈਡ ’ਤੇ ਕਰਕੇ ਜਾਮ ਨੂੰ ਖੁੱਲ੍ਹਵਾਇਆ। ਪ੍ਰਤੱਖਦਰਸ਼ੀਆਂ ਅਨੁਸਾਰ ਟਰਾਲੇ ਨੇ ਇੰਨੀ ਤੇਜ਼ ਰਫਤਾਰ ਨਾਲ ਅੱਧਾ ਦਰਜਨ ਵਾਹਨਾਂ ਨੂੰ ਟੱਕਰ ਮਾਰੀ ਕਿ ਲੱਗਦਾ ਨਹੀਂ ਸੀ ਕਿ ਕੋਈ ਵੀ ਜਿੰਦਾ ਬਚ ਸਕੇਗਾ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਵਾਹਨ ਹੀ ਦੁਰਘਟਨਾਗ੍ਰਸਤ ਹੋਏ। ਜ਼ਖਮੀਆਂ ਵਿੱਚ ਸੁਰਿੰਦਰ ਕੁਮਾਰ ਵਾਸੀ ਸੈਲੀ ਕੁੱਲੀਆਂ, ਸ਼ਮਾ ਕੁਮਾਰੀ ਵਾਸੀ ਨੂਰਪੁਰ (ਹਿਮਾਚਲ), ਮਦਨ ਲਾਲ ਆਟੋ ਚਾਲਕ ਵਾਸੀ ਕੱਚੇ ਕੁਆਟਰ, ਗਗਨ ਪਠਾਨੀਆ, ਆਰਤੀ, ਵੈਸ਼ਾਲੀ ਅਤੇ ਪ੍ਰੇਮਲਤਾ ਸ਼ਾਮਲ ਹਨ।ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਅਨੁਸਾਰ ਬੇਕਾਬੂ ਹੋਏ 18 ਟਾਇਰੀ ਵੱਡੇ ਟਰਾਲੇ ਨੇ ਪਹਿਲਾਂ ਦੋ ਕਾਰਾਂ ਨੂੰ, ਉਸ ਦੇ ਬਾਅਦ ਇੱਕ ਬੱਸ, ਇੱਕ ਮੋਟਰਸਾਈਕਲ ਸਵਾਰ ਨੌਜਵਾਨ, ਇੱਕ ਆਟੋ ਰਿਕਸ਼ਾ ਅਤੇ ਫਿਰ ਇੱਕ ਕਾਰ ਸਵਾਰ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟਰਾਲੇ ਦੇ ਵਿੱਚ ਇਹ ਕਾਰ ਧਸ ਗਈ ਤੇ ਫਿਰ ਟਰਾਲਾ ਰੁਕਿਆ। ਕਾਰ ਜਿਸ ਵਿੱਚ 3 ਔਰਤਾਂ, ਚਾਲਕ ਅਤੇ ਇੱਕ 15 ਦਿਨ ਦਾ ਬੱਚਾ ਵੀ ਸ਼ਾਮਲ ਸੀ, ਜੋ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਕਾਰ ਦੇ ਸ਼ੀਸ਼ੇ ਭੰਨ ਕੇ ਬਾਹਰ ਕੱਢਿਆ ਗਿਆ।ਦੂਸਰੇ ਪਾਸੇ ਡੀਐੱਸਪੀ ਰਾਜਿੰਦਰ ਮਨਹਾਸ ਅਤੇ ਥਾਣਾ ਡਿਵੀਜ਼ਨ ਨੰਬਰ 2 ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਹਾਦਸਾ ਟਰਾਲੇ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਜਦ ਕਿ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਲਦੀ ਹੀ ਟਰਾਲੇ ਦੇ ਡਰਾਈਵਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।