ਪੱਤਰ ਪ੍ਰੇਰਕ
ਪਠਾਨਕੋਟ, 9 ਜੂਨ
ਖੜ੍ਹੇ ਟਰੱਕ ਟਰਾਲੇ ਵਿੱਚ ਟਿੱਪਰ ਵੱਜਣ ਨਾਲ ਟਰੱਕ ਟਰਾਲੇ ਦੇ ਮਾਲਕ ਦੀ ਮੌਤ ਹੋ ਗਈ। ਜਿਸ ’ਤੇ ਥਾਣਾ ਤਾਰਾਗੜ੍ਹ ਦੀ ਪੁਲੀਸ ਨੇ ਟਿੱਪਰ ਦੇ ਡਰਾਈਵਰ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 279, 427 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ’ਚ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਤੇ ਪਲਵਿੰਦਰ ਸਿੰਘ ਉਰਫ ਗੱਗੂ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਕੰਡਿਆਲ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਤੇ ਟਰੱਕ ਟਰਾਲਾ ਮਾਲਕ ਪ੍ਰਭਜੋਤ ਸਿੰਘ ਉਰਫ ਰਵੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨਿਹਾਲਗੜ੍ਹ ਥਾਣਾ ਕੋਟ ਈਸੇ-ਖਾਂ ਜ਼ਿਲ੍ਹਾ ਮੋਗਾ ਆਪਣੇ ਟਰਾਲੇ ’ਤੇ ਮਾਧੋਪੁਰ ’ਚ ਇੱਕ ਸਟੋਨ ਕਰੱਸ਼ਰ ਤੋਂ ਰੇਤਾ ਲੈ ਕੇ ਜਦੋਂ ਲਦਪਾਲਵਾ ਟੌਲ ਪਲਾਜ਼ਾ ਕੋਲ ਪੁੱਜੇ ਤਾਂ ਉਹ ਟਰੱਕ ਟਰਾਲੇ ਨੂੰ ਸਾਈਡ ’ਤੇ ਰੋਕ ਕੇ ਬਾਥਰੂਮ ਲਈ ਚਲਾ ਗਿਆ। ਪਲਵਿੰਦਰ ਸਿੰਘ ਟਰਾਲੇ ’ਚ ਸੁੱਤਾ ਪਿਆ ਸੀ। ਜਦੋਂਕਿ ਟਰਾਲੇ ਦਾ ਮਾਲਕ ਪ੍ਰਭਜੋਤ ਸਿੰਘ ਉਰਫ ਰਵੀ ਟਰੱਕ ਦੇ ਟਾਇਰਾਂ ਨੂੰ ਚੈੱਕ ਕਰਨ ਲੱਗ ਪਿਆ ਤੇ ਜਦੋਂ ਉਹ ਬਾਥਰੂਮ ਕਰਕੇ ਵਾਪਸ ਆ ਰਿਹਾ ਸੀ ਤਾਂ ਪਠਾਨਕੋਟ ਵੱਲੋਂ ਟਿੱਪਰ ਬੜੀ ਤੇਜ਼ ਰਫਤਾਰ ਨਾਲ ਬਿਨਾਂ ਹਾਰਨ ਦਿੱਤੇ ਆਇਆ ਤੇ ਉਸ ਦੇ ਖੜ੍ਹੇ ਟਰੱਕ ਪਿੱਛੇ ਮਾਰ ਦਿੱਤਾ। ਜਿਸ ਨਾਲ ਟਰਾਲਾ ਚੱਲਣ ਕਰਕੇ ਉਸ ਦੇ ਮਾਲਕ ਪ੍ਰਭਜੋਤ ਸਿੰਘ ਉਪਰੋਂ ਪਿਛਲੇ ਟਾਇਰ ਲੰਘ ਗਏ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਬਾਹਰ ਕੱਢਿਆ ਤੇ ਪਠਾਨਕੋਟ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸਾ ਵਾਪਰਦੇ ਸਾਰ ਟਿੱਪਰ ਡਰਾਈਵਰ ਆਪਣਾ ਟਿੱਪਰ ਮੌਕੇ ’ਤੇ ਛੱਡ ਕੇ ਭੱਜ ਗਿਆ। ਬਾਅਦ ’ਚ ਪੁਲੀਸ ਨੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਮਗਰੋਂ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।