ਪਠਾਨਕੋਟ: ਪਾਰਕਿੰਗ ਵਿੱਚੋਂ 10 ਟਾਇਰੀ ਟਰੱਕ-ਟਰਾਲਾ ਚੋਰੀ ਹੋਣ ’ਤੇ ਥਾਣਾ ਡਿਵੀਜ਼ਨ ਨੰਬਰ 2, ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸ਼ੁਭਮ ਪੁੱਤਰ ਕੁਲਦੀਪ ਸਿੰਘ ਵਾਸੀ ਦੌਲਤਪੁਰ ਢਾਕੀ ਰੋਡ, ਪਠਾਨਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਸ਼ੁਭਮ ਨੇ ਪੁਲੀਸ ਨੂੰ ਦੱਸਿਆ ਕਿ ਉਹ 10 ਟਾਇਰੀ ਟਰੱਕ-ਟਰਾਲੇ ਦਾ ਡਰਾਈਵਰ ਹੈ। ਉਸ ਨੇ 28 ਮਈ ਦੀ ਰਾਤ ਨੂੰ ਆਪਣੇ ਟਰੱਕ ਟਰਾਲੇ ਨੂੰ ਰੋਜ਼ਾਨਾ ਦੀ ਤਰ੍ਹਾਂ ਐੱਮਐੱਸਪੀ ਸਿਨੇਮਾ ਦੇ ਕੋਲ ਪਾਰਕਿੰਗ ਵਿੱਚ ਖੜ੍ਹਾ ਕੀਤਾ ਸੀ। ਉਸ ਨੇ ਆਪਣੇ ਤੌਰ ਤੇ ਟਰੱਕ-ਟਰਾਲੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਅਤਾ-ਪਤਾ ਨਾ ਲੱਗਾ। ਏਐੱਸਆਈ ਵਿਮਲ ਕੁਮਾਰ ਨੇ ਦੱਸਿਆ ਕਿ ਪਾਰਕਿੰਗ ਖੇਤਰ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਉਸ ਨੂੰ ਖੰਗਾਲਿਆ ਜਾ ਰਿਹਾ ਹੈ। -ਪੱਤਰ ਪ੍ਰੇਰਕ