ਗੁਰਬਖਸ਼ਪੁਰੀ
ਤਰਨ ਤਾਰਨ, 14 ਜੂਨ
ਪਹਿਲੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੇਘਰ ਮਜ਼ਦੂਰਾਂ ਨੂੰ ਘਰ ਬਨਾਉਣ ਲਈ ਦਿੱਤੇ ਪਲਾਟਾਂ ਦੇ ਵਰਤਮਾਨ ਸਰਕਾਰ ਵੱਲੋਂ ਕਬਜ਼ੇ ਦੇਣ ਤੋਂ ਇਨਕਾਰ ਕਰਨ ਖ਼ਿਲਾਫ਼ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ| ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਮਜ਼ਦੂਰਾਂ ਨੇ ਸਰਹੱਦੀ ਖੇਤਰ ਦੇ ਪਿੰਡਾਂ ਆਸਲ, ਭੱਠੇ ਭੈਣੀ, ਤੂਤ, ਚੀਮਾ ਕਲਾਂ, ਚੁਸਲੇਵੜ੍ਹ ਆਦਿ ਪਿੰਡਾਂ ਦੇ ਮਜ਼ਦੂਰ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਪਲਾਟਾਂ ’ਤੇ ਕਬਜ਼ੇ ਕਰਕੇ ਰਿਹਾਇਸ਼ ਦੇ ਪੱਕੇ ਬੰਦੋਬਸਤ ਕਰਕੇ ਸ਼ੁਰੂ ਕਰ ਦਿੱਤੇ ਹਨ|
ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਸਮੇਤ ਹੋਰਨਾਂ ਨੇ ਪਿੰਡਾਂ ਅੰਦਰ ਮਜ਼ਦੂਰਾਂ ਵੱਲੋਂ ਪਲਾਟਾਂ ’ਤੇ ਕਬਜ਼ਾ ਕਰੀ ਬੈਠੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਸਰਕਾਰ ਨੇ ਬੇਘਰੇ ਮਜ਼ਦੂਰਾਂ ਨੂੰ ਪਲਾਟਾਂ ਦੀਆਂ ਸੰਨਦਾਂ ਜਾਰੀ ਕਰਕੇ ਮਾਲਕੀ ਦੇ ਹੱਕ ਦਿੱਤੇ ਸਨ ਅਤੇ ਮਜ਼ਦੂਰ ਪਰਿਵਾਰ ਪਲਾਟਾਂ ’ਤੇ ਪੱਕੇ ਘਰ ਬਣਾਉਣ ਲਈ ਪੰਜ-ਪੰਜ ਲੱਖ ਰੁਪਏ ਦੀਆਂ ਗਰਾਂਟਾਂ ਦੀ ਮੰਗ ਕਰਦੇ ਹਨ| ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮਜ਼ਦੂਰਾਂ ਕੋਲੋਂ ਪਲਾਟ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਜਿਸ ਨੂੰ ਮਜ਼ਦੂਰ ਸਵੀਕਾਰ ਕਰਨ ਲਈ ਤਿਆਰ ਨਹੀਂ ਹੋ ਸਕਦੇ| ਦਿਹਾਤੀ ਮਜ਼ਦੂਰ ਸਭਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਮਜ਼ਦੂਰ ਪਰਿਵਾਰਾਂ ਕੋਲੋਂ ਪਲਾਟ ਵਾਪਸ ਲੈਣ ਦੀ ਕਾਰਵਾਈ ਕੀਤੀ ਤਾਂ ਜਥੇਬੰਦੀ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ| ਇਸ ਦੇ ਨਾਲ ਹੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰ ਪਰਿਵਾਰਾਂ ਦੇ ਸਮਰਥਨ ਵਿੱਚ ਸ਼ੁਰੂ ਕੀਤੇ ਸੰਘਰਸ਼ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ ਹੈ| ਆਰਐੱਮਪੀਆਈ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲਾ, ਅਰਸਾਲ ਸਿੰਘ ਆਸਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜ਼ਦੂਰਾਂ ਖ਼ਿਲਾਫ਼ ਕੋਈ ਕਰਵਾਈ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ|