ਪੱਤਰ ਪ੍ਰੇਰਕ
ਪਠਾਨਕੋਟ, 20 ਮਾਰਚ
ਮਜ਼ਦੂਰਾਂ ਦੀ ਭਲਾਈ ਲਈ ਬਣੇ 44 ਪ੍ਰਕਾਰ ਦੇ ਕਿਰਤ ਕਾਨੂੰਨਾਂ ਨੂੰ ਮੋਦੀ ਸਰਕਾਰ ਵੱਲੋਂ ਬੀਤੇ ਸਾਲ ਭੰਗ ਕਰਕੇ 4 ਕੋਡਾਂ ਵਿੱਚ ਤਬਦੀਲ ਕਰਨ ਅਤੇ ਹੁਣ 1 ਅਪਰੈਲ ਤੋਂ ਇਨ੍ਹਾਂ ਕੋਡਾਂ ਨੂੰ ਪੂਰੇ ਭਾਰਤ ਵਿੱਚ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵੱਲੋਂ ਦੇਸ਼ ਵਿਆਪੀ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀ ਨੂੰ ਲੈ ਕੇ ਯੂਨੀਅਨ ਦੇ ਆਗੂਆਂ ਵੱਲੋਂ ਪਿੰਡ ਗੁਰਦਾਸਪੁਰ ਭਾਈਆਂ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਜੋਨੀ, ਮਦਨ, ਅਸ਼ੋਕ, ਸਤਨਾਮ, ਬੂਟਾ ਰਾਮ, ਚੰਨਣ ਪਾਲ, ਨੀਰੂ, ਨੀਲਮ, ਰਾਜ ਕਿਰਨ ਅਤੇ ਜੋਤੀ ਮਦੀਨਪੁਰ ਆਦਿ ਹਾਜ਼ਰ ਸਨ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਸੰਸਾਰ ਸਿੰਘ ਰਛਪਾਲਵਾਂ, ਜੋਗਿੰਦਰ ਪਾਲ ਪਨਿਆੜ, ਵਿਜੈ ਜਗਤਪੁਰ ਅਤੇ ਕਮਲ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਬਾਅਦ ਦੇਸ਼ ਵਿੱਚ ਬਣਨ ਵਾਲੀ ਹਰ ਨੀਤੀ, ਦੇਸ਼ ਦੇ ਅਮੀਰ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਈ ਹੈ। ਇਸ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਬਣੇ 44 ਤਰ੍ਹਾਂ ਦੇ ਕਿਰਤ ਕਾਨੂੰਨਾਂ ਨੂੰ 4 ਕੋਡਾਂ ਵਿੱਚ ਬਦਲ ਕੇ ਲੋਕ ਵਿਰੋਧੀ ਫ਼ੈਸਲਾ ਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਗੋ ਦੇ ਮਜ਼ਦੂਰਾਂ ਵੱਲੋਂ ਸ਼ਹਾਦਤ ਦੇ ਕੇ 8 ਘੰਟੇ ਕਿਰਤ ਦਾ ਕਾਨੂੰਨ ਬਣਵਾਇਆ ਗਿਆ ਸੀ ਪਰ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਇਸ ਕਾਨੂੰਨ ਨੂੰ ਖ਼ਤਮ ਕਰਕੇ 12 ਘੰਟਿਆਂ ਦੀ ਦਿਹਾੜੀ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ ਜੋ ਮਜ਼ਦੂਰ ਵਿਰੋਧੀ ਕਦਮ ਹੈ। ਉਨ੍ਹਾਂ ਐਲਾਨ ਕੀਤਾ ਕਿ 29 ਮਾਰਚ ਨੂੰ ਮਲਿਕਪੁਰ (ਪਠਾਨਕੋਟ) ਵਿੱਚ ਮਜ਼ਦੂਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ।