ਕੇ.ਪੀ. ਸਿੰਘ
ਗੁਰਦਾਸਪੁਰ, 2 ਨਵੰਬਰ
ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ’ਤੇ ਹੋਏ ਹਮਲੇ ਦੰਗੇ ਨਹੀਂ ਸਨ ਬਲਕਿ ਸਰਕਾਰੀ ਪੁਸ਼ਤ ਪਨਾਹੀ ਹੇਠ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸਿੱਖ ਕਤਲੇਆਮ ਸੀ। ਇਹ ਗੱਲ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਅੱਜ ਗੁਰਦਾਸਪੁਰ ਵਿੱਚ ਨਵੰਬਰ 1984 ਦੀ 37ਵੀਂ ਵਰ੍ਹੇਗੰਢ ਮੌਕੇ ਉਲੀਕੇ ਗਏ ‘ਸਿੱਖ ਨਸਲਕੁਸ਼ੀ ਯਾਦਗਾਰੀ’ ਮਾਰਚ ਦੌਰਾਨ ਕੀਤਾ। ਜਥੇਬੰਦੀ ਨੇ ਨਵੰਬਰ 1984 ਦੇ ਕਤਲੇਆਮ ਦੀ ਅੰਤਰਰਾਸ਼ਟਰੀ ਜਾਂਚ ਅਤੇ ਪੰਜਾਬ ਨੂੰ ਸਵੈ-ਨਿਰਨੇ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਵੀ ਕੀਤੀ।
ਜਥੇਬੰਦੀ ਨੇ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੇ ਚਾਰ ਸਾਲ ਪਹਿਲਾਂ ਪਾਸ ਕੀਤੇ ਮਤੇ ਨੂੰ ਚੇਤੇ ਕਰਵਾਉਂਦਿਆਂ ਦੱਸਿਆ ਕਿ 6 ਨਵੰਬਰ 2017 ਨੂੰ ਪਟਿਆਲਾ ਵਿੱਚ ਸ਼੍ਰੋਮਣੀ ਕਮੇਟੀ ਸਿੱਖ ਅਜਾਇਬਘਰ ਅੰਦਰ ਨਵੰਬਰ 1984 ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਪੇਂਟਿੰਗਜ਼ ਪੇਂਟਿੰਗ ਕਰਨ ਦੇ ਆਪਣੇ ਇਕਰਾਰਨਾਮੇ ਨੂੰ ਭੁੱਲੀ ਬੈਠੀ ਹੈ। ਦੱਸਣਯੋਗ ਹੈ ਕਿ ਦਲ ਖ਼ਾਲਸਾ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਸੀ ਕਿ ਜਿਸ ਤਰ੍ਹਾਂ ਅਜਾਇਬਘਰ ਅੰਦਰ ਮੁਗ਼ਲ ਅਤੇ ਬ੍ਰਿਟਿਸ਼ ਰਾਜ ਮੌਕੇ ਵਾਪਰੇ ਸਿੱਖ ਕਤਲੇਆਮ ਨੂੰ ਦਰਸਾਉਂਦੇ ਚਿੱਤਰ ਅਤੇ ਪੇਂਟਿੰਗਜ਼ ਸੁਸ਼ੋਭਿਤ ਹਨ, ਉਸੇ ਤਰਜ਼ ’ਤੇ ਭਾਰਤੀ ਲੀਡਰਾਂ ਵੱਲੋਂ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਜ਼ੁਲਮ ਦੇ ਨੰਗੇ ਨਾਚ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਲਾਈਆਂ ਜਾਣ।
ਇਸ ਇਕੱਠ ਵਿੱਚ ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਦਲ ਖ਼ਾਲਸਾ ਦੇ ਦਿਲਬਾਗ ਸਿੰਘ ਦਾਰਾਪੁਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਤਿੰਦਰਬੀਰ ਸਿੰਘ ਪੰਨੂ, ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ, ਗੁਰਦੀਪ ਸਿੰਘ ਕਾਲਕੱਟ, ਰਣਵੀਰ ਸਿੰਘ, ਜਸਵੀਰ ਸਿੰਘ ਪੱਟੀ, ਸਿੱਖ ਯੂਥ ਆਫ਼ ਪੰਜਾਬ ਦੇ ਗੁਰਨਾਮ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਖੁੱਡਾ, ਸੁਖਜਿੰਦਰ ਸਿੰਘ ਟੇਰਕੇਆਣਾ, ਜਸਪ੍ਰੀਤ ਸਿੰਘ ਖੁੱਡਾ ਤੇ ਸਤਬੀਰ ਸਿੰਘ ਭਰਥ ਆਦਿ ਹਾਜ਼ਰ ਸਨ।
ਗੁਰਦੁਆਰਾ ਬਾਬਾ ਟਹਿਲ ਸਿੰਘ ਸਾਹਿਬ ਤੋਂ ਜਹਾਜ਼ ਚੌਕ ਤੱਕ ਰੋਸ ਮਾਰਚ
ਅੱਜ ਦੇ ਇਸ ਮਾਰਚ ਵਿੱਚ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਸੈਂਕੜੇ ਕਾਰਕੁਨਾਂ ਨੇ ਮਸ਼ਾਲਾਂ ਅਤੇ ਤਖ਼ਤੀਆਂ ਲੈ ਕੇ ਗੁਰਦੁਆਰਾ ਬਾਬਾ ਟਹਿਲ ਸਿੰਘ ਸਾਹਿਬ ਤੋਂ ਜਹਾਜ਼ ਚੌਕ ਤੱਕ ਰੋਸ ਮਾਰਚ ਕੀਤਾ। ਮਾਰਚ ਤੋਂ ਪਹਿਲਾਂ ਗੁਰਦੁਆਰਾ ਵਿਖੇ ਇਕੱਤਰਤਾ ਵਿੱਚ ਇੱਕ ਮਤੇ ਰਾਹੀਂ ਕਿਹਾ ਗਿਆ ਕਿ ਨਵੰਬਰ 1984 ਵਰਗੇ ਕਤਲੇਆਮ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਭਾਰਤ ਤੋਂ ਆਜ਼ਾਦੀ ਹੀ ਇੱਕੋ ਇੱਕ ਹੱਲ ਹੈ।