ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਨਵੰਬਰ
ਸ਼ਹਿਰ ਵਿੱਚ ਅਲੱਗ ਅਲੱਗ ਜਗ੍ਹਾ ਉੱਪਰ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਲੋਕਾਂ ਦੀ ਸਹੂਲਤ ਲਈ 4 ਸਾਲ ਪਹਿਲਾਂ ਬਣਾਏ ਗਏ ਪਖਾਨੇ ਅੱਜ ਤੱਕ ਲੋਕਾਂ ਦੀ ਵਰਤੋਂ ਲਈ ਖੋਲ੍ਹੇ ਨਹੀਂ ਗਏ। ਇਹ ਪਖਾਨੇ ਸ਼ਹਿਰ ’ਚ ਨਗਰ ਕੌਂਸਲ ਦੇ ਦਫ਼ਤਰ ਕੋਲ, ਘਾਹ ਮੰਡੀ ਸਬਜ਼ੀ ਮਾਰਕੀਟ ਕੋਲ, ਦਸਹਿਰਾ ਗਰਾਊਂਡ ਕੋਲ ਤੇ ਕੌੜੇ ਸ਼ਾਹ ਤੋਂ ਜੀਟੀ ਰੋਡ ਨੂੰ ਜਾਂਦੇ ਰਸਤੇ ’ਤੇ ਕੌਂਸਲਰ ਦੇ ਘਰ ਕੋਲ ਬਣਾਏ ਗਏ ਸਨ ਤੇ ਇਹ ਅਜੇ ਤੱਕ ਬੰਦ ਪਏ ਹੋਏ ਹਨ। ਜੰਡਿਆਲਾ ਗੁਰੂ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਖਰੀਦਦਾਰੀ ਤੇ ਹੋਰ ਕੰਮਾਂ ਲਈ ਆਉਂਦੇ ਹਨ, ਪਰ ਸ਼ਹਿਰ ਵਿੱਚ ਪਬਲਿਕ ਪਖਾਨੇ ਬੰਦ ਪਏ ਹੋਣ ਕਾਰਨ ਤੇ ਹੋਰ ਕਿਤੇ ਵੀ ਪਖਾਨੇ ਨਾ ਹੋਣ ਕਾਰਨ ਮਹਿਲਾਵਾਂ, ਬਜ਼ੁਰਗਾਂ ਤੇ ਅਪਾਹਜਾਂ ਨੂੰ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਕੇ ’ਤੇ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਸਬਜ਼ੀ ਮਾਰਕੀਟ ਕੋਲ ਬਣੇ ਪਖਾਨਿਆਂ ਉੱਪਰ ਸਬਜ਼ੀ ਵੇਚਣ ਵਾਲਿਆਂ ਨੇ ਕਬਜ਼ਾ ਕਰ ਰੱਖਿਆ ਹੈ ਤੇ ਇਨ੍ਹਾਂ ਨੂੰ ਤਾਲੇ ਲਗਾ ਕੇ ਚਾਬੀ ਵੀ ਉਨ੍ਹਾਂ ਕੋਲ ਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਖਾਨੇ ਜੋ ਪਬਲਿਕ ਦੀ ਸਹੂਲਤ ਲਈ ਬਣਾਏ ਗਏ ਸਨ, ਇਹ ਕਿਸੇ ਕੰਮ ਨਹੀਂ ਆ ਰਹੇ। ਇਸ ਸਬੰਧੀ ਸੈਨੇਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਕਿਹਾ ਇਨ੍ਹਾਂ ਪਖਾਨਿਆਂ ਉੱਪਰ ਕੋਈ ਵੀ ਸਫਾਈ ਕਰਮਚਾਰੀ ਡਿਊਟੀ ਕਰਨ ਨੂੰ ਤਿਆਰ ਨਹੀਂ ਹੈ। ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ ਉਹ ਜਲਦੀ ਹੀ ਪੇ ਐਂਡ ਯੂਜ਼ ਪਾਲਿਸੀ ਅਪਨਾਉਣਗੇ। ਜਿਸ ਦੇ ਤਹਿਤ ਜੋ ਸਫ਼ਾਈ ਸੇਵਕ ਇਨ੍ਹਾਂ ਪਖਾਨਿਆਂ ਦੀ ਦੇਖਭਾਲ ਕਰੇਗਾ ਉਹ ਉਸ ਦਾ ਚਾਰਜ ਲਵੇਗਾ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਇਹ ਦੇਖਣਾ ਹੈ ਕਿ ਇਹ ਨਵੀਂ ਪਾਲਿਸੀ ਦੇ ਤਹਿਤ ਪਬਲਿਕ ਪਖਾਨੇ ਕਦੋਂ ਲੋਕਾਂ ਲਈ ਖੋਲ੍ਹੇ ਜਾਣਗੇ।