ਐੱਨਪੀ ਧਵਨ
ਪਠਾਨਕੋਟ, 29 ਜਨਵਰੀ
ਡਿਸਟ੍ਰਿਕਟ ਪਠਾਨਕੋਟ ਪ੍ਰੈਸ ਕਲੱਬ ਵੱਲੋਂ ਸਥਾਨਕ ਆਡੀਟੋਰੀਅਮ ਵਿੱਚ ‘ਮੀਡੀਆ ਦੀ ਜ਼ਿੰਮੇਵਾਰੀ ਅਤੇ ਗਲਤ ਰੁਝਾਨ’ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਮੇਅਰ ਪੰਨਾ ਲਾਲ ਭਾਟੀਆ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਠਾਕੁਰ ਮਨੋਹਰ ਸਲਾਰੀਆ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਰੋਹਿਤ ਸਿਆਲ ਹਾਜ਼ਰ ਹੋਏ। ਕਲੱਬ ਨੇ ਜ਼ਿਲ੍ਹੇ ਵਿੱਚ ਪ੍ਰੈਸ ਭਵਨ ਬਣਾਉਣ ਅਤੇ ਟੌਲ ਪਲਾਜ਼ਾ ਉਪਰ ਵਸੂਲੇ ਜਾ ਰਹੇ ਟੌਲ ਟੈਕਸ ਮੁਆਫ ਕਰਨ ਸਮੇਤ ਹੋਰ ਮੰਗਾਂ ਸਬੰਧੀ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਰਾਜਨੀਤਿਕ ਵਿਸ਼ਲੇਸ਼ਕ ਅਤੇ ਪੱਤਰਕਾਰ ਜਤਿੰਦਰ ਪੰਨੂ ਨੇ ਮੀਡੀਆ ਦੇ ਪੱਤਰਕਾਰਾਂ ਨੂੰ ਆਪਣਾ ਕਿਰਦਾਰ ਸਹੀ ਢੰਗ ਨਿਭਾਉਣ ‘ਤੇ ਜ਼ੋਰ ਦਿੱਤਾ ਅਤੇ ਦੇਸ਼ ਵਿੱਚ ਮੀਡੀਆ ਦੀ ਸਥਿਤੀ ‘ਤੇ ਚਿੰਤਾ ਜ਼ਾਹਿਰ ਕੀਤੀ। ਉਸ ਨੂੰ ਬਦਲਣ ਲਈ ਉਨ੍ਹਾਂ ਉੱਚ ਪੱਧਰੀ ਪੱਤਰਕਾਰਿਤਾ ਕਰਨ ਦਾ ਸੱਦਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਾ ਆਪਣਾ ਵਿਰੋਧ ਸੁਣਨਾ ਪਸੰਦ ਨਹੀਂ ਕਰੇਗਾ। ਇਸ ਲਈ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ। ਮੀਡੀਆ ਨੂੰ ਲੈ ਕੇ ਅੱਜ ਸਮਾਜ ਵਿੱਚ ਗਲਤ ਧਾਰਨਾਵਾਂ ਪੈਦਾ ਹੋ ਗਈਆਂ ਹਨ ਜਿਸ ਨੂੰ ਬਦਲਣ ਤੇ ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਪੱਤਰਕਾਰੀ ਦਾ ਮਿਆਰ ਉਚਾ ਰੱਖਣ ਲਈ ਹਮੇਸ਼ਾ ਸੱਚ ਨੂੰ ਸੱਚ ਲਿਖਣਾ ਸਿੱਖਿਆ ਜਾਵੇ। ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਦੇ ਪੱਤਰਕਾਰਾਂ ਨੂੰ ਜ਼ਿਆਦਾ ਅਧਿਅਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਤੱਥਾਂ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਜੰਮੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੈਸ ‘ਤੇ ਸੈਂਸਰਸ਼ਿਪ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਨੇ ਵਿਰੋਧ ਕੀਤਾ ਹੈ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ, ਵਾਈਸ ਪ੍ਰਧਾਨ ਰਾਜਨ ਮਾਨ, ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਟੌਲ ਪਲਾਜ਼ਾ ਸਮੇਤ ਹੋਰ ਮੰਗਾਂ ਨੂੰ ਮੁੱਖ ਮੰਤਰੀ ਮੂਹਰੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਹੋਵੇਗੀ। ਮੇਅਰ ਪੰਨਾ ਲਾਲ ਭਾਟੀਆ ਨੇ ਵੀ ਸੰਬੋਧਨ ਕੀਤਾ।