ਐਨਪੀ. ਧਵਨ
ਪਠਾਨਕੋਟ, 18 ਅਕਤੂਬਰ
ਨਸ਼ਿਆਂ ਵਿਰੁੱਧ ਪਠਾਨਕੋਟ ਪੁਲੀਸ ਵੱਲੋਂ ਲਾਏ ਵਿਸ਼ੇਸ਼ ਨਾਕਿਆਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੁਲੀਸ ਨੇ ਇੱਕ ਇਨੋਵਾ ਕਾਰ ਦੇ ਡੈਸ਼ਬੋਰਡ ਵਿੱਚ ਛੁਪਾ ਕੇ ਰੱਖੀ ਹੋਈ 268 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਹੈਰੋਇਨ ਦੀ ਖੇਪ ਚੰਬਾ, ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ, ਪੰਜਾਬ ਵਿੱਚ ਵਿਕਰੀ ਲਈ ਲਿਆਂਦੀ ਜਾ ਰਹੀ ਸੀ। ਪੁਲੀਸ ਨੇ ਇਹ ਇਨੋਵਾ ਕਾਰ ਵੀ ਜ਼ਬਤ ਕਰ ਲਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਾਡੀ ਸਿੰਘ ਉਰਫ ਬੋਨੀ ਵਾਸੀ ਭੋਮਾ ਬਡਾਲਾ, ਥਾਣਾ ਮਜੀਠਾ, ਨਰੇਸ਼ ਕੁਮਾਰ ਉਰਫ ਕਾਕੂ ਵਾਸੀ ਰਾਜ ਨਗਰ ਤੇ ਸ਼ਕਤੀ ਚੰਦ ਵਾਸੀ ਗੁਹਾਰੀ ਸਿਟੀ ਚੰਬਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਤਸਕਰ ਇਨੋਵਾ ਗੱਡੀ ਰਾਹੀਂ ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰ ਰਹੇ ਹਨ। ਇਸ ਸੂਚਨਾ ਤੋਂ ਬਾਅਦ ਡੀਐੱਸਪੀ ਡੀ. ਰਵਿੰਦਰ ਕੁਮਾਰ ਰੂਬੀ ਦੀ ਅਗਵਾਈ ਹੇਠ ਸੀਆਈਏ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਗੋਲ ਚੌਕ ਮਲਿਕਪੁਰ, ਪਠਾਨਕੋਟ ਵਿੱਚ ਵਿਸ਼ੇਸ਼ ਨਾਕੇ ਲਗਾਏ ਹੋਏ ਸਨ।
ਨਾਕਾਬੰਦੀ ਦੌਰਾਨ ਜਦੋਂ ਪੁਲੀਸ ਪਾਰਟੀ ਨੇ ਇਨੋਵਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਪਾਰਟੀ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ ਤੇ ਇਨੋਵਾ ਕਾਰ ਦੇ ਡੈਸ਼ਬੋਰਡ ਵਿੱਚ ਛੁਪਾਏ ਪੋਲੀਥੀਨ ਬੈਗ ਵਿੱਚ ਲਪੇਟੀ ਹੋਈ ਇਹ ਹੈਰੋਇਨ ਬਰਾਮਦ ਕਰ ਲਈ। ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕੀਤਾ ਤੇ ਦੱਸਿਆ ਕਿ ਉਹ ਚੰਬਾ ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ, ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਕਰ ਰਹੇ ਸਨ।
ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਜਾਨਪੁਰ ’ਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਪੁਲੀਸ ਰਿਮਾਂਡ ਪ੍ਰਾਪਤ ਕਰਨ ਬਾਅਦ ਮੁਲਜ਼ਮਾਂ ਦੇ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ।
ਸਵਾ ਕਰੋੜ ਦੀ ਹੈਰੋਇਨ ਸਣੇ ਪਿਉ-ਪੁੱਤਰ ਕਾਬੂ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਬਾਵਾ) ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਨਾਕੇਬੰਦੀ ਦੌਰਾਨ ਪਿਉ-ਪੁੱਤਰ ਨੂੰ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਰਾਮਦ ਕੀਤੀ ਹੀਰੋਇਨ ਦੀ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਸਵਾ ਕਰੋੜ ਰੁਪਏ ਦੇ ਕਰੀਬ ਕੀਮਤ ਦੱਸੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਇਕਬਾਲ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਗੋਇੰਦਵਾਲ ਤੋਂ ਖਡੂਰ ਸਾਹਿਬ ਰੋਡ ’ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਨਾਗੋਕੇ ਘਰਾਟ ਵਾਲੀ ਨਹਿਰ ਵਾਲੇ ਪਾਸਿਓਂ ਸਕੂਟਰੀ (ਪੀਬੀ 46 ਏ ਈ 9301) ’ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਸਕੂਟਰੀ ਚਾਲਕ ਵੱਲੋਂ ਸਕੂਟਰੀ ਦੀ ਡਿੱਗੀ ਵਿੱਚੋਂ ਲਿਫਾਫ਼ਾ ਕੱਢ ਕੇ ਸੜਕ ਤੇ ਸੁੱਟ ਦਿੱਤਾ ਗਿਆ। ਜਿਸਦੀ ਤਲਾਸ਼ੀ ਲੈਣ ਦੌਰਾਨ ਲਿਫਾਫ਼ੇ ਵਿੱਚੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਗਏ ਦੋਨਾਂ ਵਿਅਕਤੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਦਲਬੀਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਹੈਰੋਇਨ ਸਮੇਤ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਰਿਸ਼ਤੇ ਵਿੱਚ ਪਿਉ-ਪੁੱਤਰ ਹਨ। ਸਬ ਇੰਸਪੈਕਟ ਇਕਬਾਲ ਨੇ ਦੱਸਿਆ ਕਿ ਪਿਉ-ਪੁੱਤਰ ਲੰਮੇ ਸਮੇ ਤੋਂ ਨਸ਼ਾ ਤਸਕਰੀ ਕਰ ਰਹੇ ਸਨ ਜਿਨ੍ਹਾਂ ਕੋਲੋਂ ਹੈਰੋਇਨ ਦੀ ਵੱਡੀ ਬਰਾਮਦਗੀ ਹੋਈ ਹੈ। ਦੋਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।