ਪੱਤਰ ਪ੍ਰੇਰਕ
ਚੋਹਲਾ ਸਾਹਿਬ, 20 ਅਪਰੈਲ
ਪੁਲੀਸ ਨੇ ਪਿੰਡ ਜਾਮਾਰਾਏ ਦੇ ਬੱਸ ਸਟੈਂਡ ਨੇੜੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਸੱਤ ਮੈਂਬਰੀ ਗਰੋਹ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇਨੋਵਾ ਕਾਰ, ਪਿਸਤੌਲ, ਦੋ ਦਾਤਰ, ਚਾਰ ਮੋਬਾਈਲ ਬਰਾਮਦ ਹੋਏ ਹਨ।
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਲਈ ਐਸਪੀ (ਆਈ) ਵਿਸ਼ਾਲਜੀਤ ਸਿੰਘ, ਡੀਐਸਪੀ ਗੁਰਪ੍ਰਤਾਪ ਸਿੰਘ, ਦੇਵਦੱਤ ਸ਼ਰਮਾ, ਪ੍ਰੀਤਇੰਦਰ ਸਿੰਘ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ ਤਰਨ ਤਾਰਨ, ਪੱਟੀ, ਥਾਣਾ ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਅਤੇ ਸਰਹਾਲੀ ਦੀਆਂ ਟੀਮਾਂ ਨੇ ਘੇਰਾਬੰਦੀ ਕਰ ਕੇ ਕਰਨਦੀਪ ਸਿੰਘ, ਹਰਮਨਜੀਤ ਸਿੰਘ, ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਸੁਖਰਾਜ ਸਿੰਘ, ਹਰਮਨਪ੍ਰੀਤ ਸਿੰਘ ਵੀ ਇਸ ਮਾਮਲੇ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਦੱਸਿਆ ਕਿ ਗਰੋਹ ਦੇ ਚਾਰ ਮੁਲਜ਼ਮ ਹਾਲੇ ਵੀ ਫ਼ਰਾਰ ਹਨ।