ਗੁਰਬਖਸ਼ਪੁਰੀ
ਤਰਨ ਤਾਰਨ, 18 ਜਨਵਰੀ
ਕੌਮੀ ਸ਼ਾਹ ਮਾਰਗ ’ਤੇ ਪਿੰਡ ਬਾਗੜੀਆਂ ਨੇੜੇ ਅੱਜ ਸਵੇਰੇ ਸੜਕ ਕਿਨਾਰੇ ਖੜ੍ਹੇ ਘੋੜਾ ਟਰੱਕ (ਟਰਾਲਾ) ਦੇ ਪਿੱਛੇ ਇਕ ਟਿੱਪਰ ਦੇ ਟਕਰਾ ਜਾਣ ਨਾਲ ਟਿੱਪਰ ਦੇ ਡਰਾਇਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਸਨਾਖ਼ਤ ਅੰਗਰੇਜ ਸਿੰਘ (25) ਵਾਸੀ ਖਹਿਰਾ (ਗੁਰਦਾਸਪੁਰ) ਦੇ ਤੌਰ ’ਤੇ ਕੀਤੀ ਗਈ ਹੈ| ਉਹ ਅੱਜ ਰੇਤ ਦਾ ਭਰਿਆਂ ਟਿੱਪਰ ਲੈ ਕੇ ਇੱਧਰ ਨੂੰ ਆ ਰਿਹਾ ਸੀ| ਉਹ ਬਾਗੜੀਆਂ ਦੇ ਇੱਕ ਢਾਬੇ ਤੋਂ ਚਾਹ ਪੀ ਕੇ ਅੱਗੇ ਚਲਿਆ ਤਾਂ ਥੋੜ੍ਹੀ ਦੂਰੀ ਸੜਕ ਕਿਨਾਰੇ ਖੜ੍ਹੇ ਪੱਥਰ ਨਾਲ ਭਰੇ ਟੱਕਰ ਨਾਲ ਪਿੱਛੋਂ ਜਾ ਟਕਰਾਇਆ| ਅੰਗਰੇਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੇ ਪੁਲੀਸ ਅਧਿਕਾਰੀ ਏਐੱਸਆਈ ਕੰਵਲਜੀਤ ਸਿੰਘ ਨੇ ਕਾਰਵਾਈ ਕੀਤੀ ਹੈ|
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ):
ਪਿੰਡ ਘੋੜੇਵਾਹ ਸ਼ੀਂਹ ਭੱਟੀ ਦੇ ਕੋਲ ਤੁਗਲਵਾਲ ਭੈਣੀ ਮੀਆਂ ਖਾਂ ਰੋਡ ਉੱਪਰ ਇੱਕ ਨੌਜਵਾਨ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਸ਼ੰਟੀ ਪੁੱਤਰ ਜਗਜੀਤ ਸਿੰਘ ਵਾਸੀ ਭੈਣੀ ਬਾਂਗਰ ਜੋ ਕਿ ਕਸਬਾ ਭੈਣੀ ਮੀਆਂ ਖਾਂ ਵੱਲ੍ਹ ਕਿਸੇ ਰਿਸ਼ਤੇਦਾਰ ਕੋਲ ਗਿਆ ਸੀ। ਜਦੋਂ ਉਹ ਸੋਮਵਾਰ ਦੇਰ ਸ਼ਾਮ ਮੋਟਰਸਾਈਕਲ ਪੀਬੀ-06 ਕਿਊ 3571 ’ਤੇ ਆਪਣੇ ਘਰ ਪਰਤ ਰਿਹਾ ਸੀ ਤਾਂ ਪਿੰਡ ਘੋੜੇਵਾਹ ਨੇੜੇ ਅੱਡਾ ਸ਼ੀਂਹ ਭੱਟੀ ਵਿੱਚ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਜਿਸ ਦੌਰਾਨ ਸੁਖਜਿੰਦਰ ਸਿੰਘ ਦੀ ਘਟਨਾ ਸਥਾਨ ਉੱਤੇ ਹੀ ਮੌਤ ਹੋ ਗਈ। ਇਸ ਮੌਕੇ ਪਿੰਡ ਦੇ ਸਰਪੰਚ ਮਿੰਟੂ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਦੀ ਸਵੇਰ ਨੂੰ ਪੁਲੀਸ ਚੌਕੀ ਤੁਗਲਵਾਲ ਨੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵਾਪਰੇ ਇਸ ਹਾਦਸੇ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਕਰੇਨ ਪਲਟਣ ਕਾਰਨ ਨੌਜਵਾਨ ਦੀ ਮੌਤ
ਆਦਮਪੁਰ ਦੋਆਬਾ(ਹਤਿੰਦਰ ਮਹਿਤਾ): ਮੁੰਬਈ ਵਿੱਚ ਕਰੇਨ ਪਲਟਣ ਕਾਰਨ ਹੋਏ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਕਰੇਨ ਥੱਲੇ ਆਉਣ ਨਾਲ ਮੌਤ ਹੋ ਗਈ। ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਨੇੜਲੇ ਪਿੰਡ ਘੁੜਿਆਲ ਵਿੱਚ ਰਹਿਣ ਵਾਲੇ ਨੌਜਵਾਨ ਦੇ ਕਰੀਬੀ ਸਰਬਜੀਤ ਸਿੰਘ ਸਾਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਦੀਪ ਸਿੰਘ (35) ਪੁੱਤਰ ਦਵਿੰਦਰ ਸਿੰਘ ਵਾਸੀ ਘੁੜਿਆਲ ਮੁੰਬਈ ਦੀ ਅਮਰੀਕ ਸਿੰਘ ਐਂਡ ਸੰਨਜ਼ ਕਰੇਨ ਕੰਪਨੀ ਵਿੱਚ ਕਰੇਨ ਅਪਰੇਟਰ ਦਾ ਕੰਮ ਕਰਦਾ ਸੀ । ਬੀਤੇ ਦਿਨੀਂ ਸਵੇਰੇ ਮੁੰਬਈ ਵਿੱਚ ਮੈਟਰੋ ਬਰਿੱਜ ਦੇ ਚੱਲ ਰਹੇ ਕੰਮ ਦੌਰਾਨ ਕਰੇਨ ਪਲਟਣ ਕਾਰਨ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਲਵਦੀਪ ਸਿੰਘ ਦੀ ਕਰੇਨ ਥੱਲੇ ਦੱਬ ਜਾਣ ਕਾਰਨ ਮੌਤ ਹੋ ਗਈ।