ਜਤਿੰਦਰ ਬੈਂਸ
ਗੁਰਦਾਸਪੁਰ, 23 ਅਪਰੈਲ
ਪੰਜਾਬ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਯੁੂਨੀਅਨ ਮਾਝਾ ਅਤੇ ਭੱਠਾ ਮਜ਼ਦੂਰ ਯੂਨੀਅਨ ਦੀ ਸਾਂਝੀ ਕਨਵੈਨਸ਼ਨ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਹੋਈ। ਇਸ ਦੌਰਾਨ ਸਰਕਾਰਾਂ ਦੀਆਂ ਨੀਤੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਇਸ ਮੌਕੇ ਕਨਵੈਨਸ਼ਨ ਵਿੱਚ ਸ਼ਾਮਲ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਨੂੰ ਭੰਗ ਕਰ ਕੇ ਸਾਂਝੇ ਹਿੱਤਾਂ ਦੀ ਪ੍ਰਾਪਤੀ ਲਈ ਇਨ੍ਹਾਂ ਪੁਰਾਣੀਆਂ ਜਥੇਬੰਦੀਆਂ ਨੂੰ ਭੰਗ ਕਰ ਕੇ ‘ਪੰਜਾਬ ਕਿਸਾਨ ਮਜ਼ਦੂਰ ਯੂਨੀਅਨ’ ਦੇ ਝੰਡੇ ਹੇਠ ਇਕਮੁੱਠ ਹੋਣ ਦਾ ਐਲਾਨ ਕੀਤਾ ਗਿਆ ਅਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ ਗਿਅਆ। ਸਮੂਹ ਹਾਜ਼ਰੀਨ ਨੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਫੈਸਲੇ ਦੀ ਹਮਾਇਤ ਕੀਤੀ। ਕਿਸਾਨ ਮਜ਼ਦੂਰ ਆਗੂਆਂ ਬਲਬੀਰ ਸਿੰਘ ਰੰਧਾਵਾ, ਸੁਖਜੀਤ ਸਿੰਘ ਹਰਦੋ ਝੰਡੇ ਅਤੇ ਸਰਵਨ ਸਿੰਘ ਭੋਲਾ ਨੇ ਦੱਸਿਆ ਕਿ ਸਿੰਘੂ ਮੋਰਚੇ ਦੌਰਾਨ ਇਕੱਠੇ ਕੰਮ ਕਰਦਿਆਂ ਹੋਰ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਹ ਵਿਚਾਰ ਪਰਪੱਕ ਹੋਇਆ ਕਿ ਦਮਨਕਾਰੀ ਸਰਕਾਰਾਂ ਨਾਲ ਟੱਕਰ ਲੈਣ ਲਈ ਇਕਜੁੱਟ ਹੋਣ ਦੀ ਲੋੜ ਹੈ। ਇਸ ਵਿਚਾਰ ਤੋਂ ਸੇਧ ਲੈਂਦਿਆਂ ਕਿਸਾਨ ਮਜ਼ਦੂਰ ਯੂਨੀਅਨ ਮਾਝਾ, ਭੱਠਾ ਮਜ਼ਦੂਰ ਯੂਨੀਅਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਵੱਡੇ ਹਿੱਸੇ ਵੱਲੋਂ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਸਾਂਝੀ ਯੂਨੀਅਨ ਦਾ ਗਠਨ ਕੀਤਾ ਗਿਆ ਅਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਇੱਕੋ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੀ ਕਾਰਵਾਈ ਚਲਾਉਣ ਲਈ ਪ੍ਰਧਾਨਗੀ ਮੰਡਲ ਦੀ ਚੋਣ ਕੀਤੀ ਗਈ ਜਿਸ ਵਿੱਚ ਬੀਬੀ ਹਰਜੀਤ ਕੌਰ ਦੁਲੂਆਣਾ, ਫੂਲ ਚੰਦ, ਬਾਬਾ ਗੁਰਦਿਆਲ ਸਿੰਘ ਉੱਚਾ ਧਕਾਲਾ, ਮਲਕੀਤ ਸਿੰਘ ਦਤਾਰਪੁਰ, ਗੁਰਪਿੰਦਰ ਸਿੰਘ ਉੱਚਾ ਧਕਾਲਾ, ਬੀਬੀ ਕਵਿਤਾ ਅਤੇ ਡਾ. ਗੁਰਦਿੱਤ ਸਿੰਘ ਸ਼ਾਮਲ ਸਨ। ਇਸ ਮੌਕੇ ਗੁਰਮੁੱਖ ਸਿੰਘ ਬਾਜਵਾ, ਸੁਖਜੀਤ ਸਿੰਘ ਹਰਦੋ ਝੰਡੇ, ਸੁਖਦੇਵ ਸਿੰਘ ਭਜਰਾਜ, ਮਨਜੀਤ ਸਿੰਘ ਚੌਹਾਨ, ਆਦਿ ਨੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਆਗੂ ਟੀਮ ਦਾ ਗਠਨ ਕਰ ਕੇ ਸਰਬਸੰਮਤੀ ਨਾਲ ਗੁਰਮੁੱਖ ਸਿੰਘ ਬਾਜਵਾ, ਸੁਖਜੀਤ ਸਿੰਘ ਹਰਦੋ ਝੰਡੇ, ਜੋਗਿੰਦਰ ਸਿੰਘ ਖੰਨਾ ਚਮਾਰਾਂ, ਸਰਵਨ ਸਿੰਘ ਭੋਲਾ, ਬਲਬੀਰ ਸਿੰਘ ਰੰਧਾਵਾ ਦੀ ਚੋਣ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਦੇ ਫੈਸਲੇ ਪੰਚ ਪ੍ਰਧਾਨੀ ਦੀ ਰਵਾਇਤ ਮੁਤਾਬਕ ਸੱਚੇ ਲੋਕਤੰਤਰਿਕ ਢੰਗ ਨਾਲ ਲਏ ਜਾਣਗੇ।