ਸ਼ਾਹਕੋਟ: ਨਜ਼ਦੀਕੀ ਪਿੰਡ ਨਵਾਂ ਕਿਲਾ ਦੇ ਇਕ ਕਿਸਾਨ ਦੇ ਖੇਤਾਂ ਵਿਚ ਲਗਾਈ ਪਾਣੀ ਵਾਲੀ ਮੋਟਰ ਦੇ ਚਲੇ (ਚੁਬੱਚੇ) ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਬੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਕਿਲਾ ਜਦੋਂ ਆਪਣੇ ਖੇਤਾਂ ਵਿੱਚ ਗਿਆ ਤਾਂ ਉਸ ਨੇ ਪਾਣੀ ਵਾਲੀ ਮੋਟਰ ਦੇ ਚਲੇ (ਚੁਬੱਚੇ) ’ਚ ਨੌਜਵਾਨ ਦੀ ਲਾਸ਼ ਦੇਖੀ। ਉਸ ਨੇ ਤੁਰੰਤ ਇਸ ਦੀ ਸੂਚਨਾ ਸ਼ਾਹਕੋਟ ਪੁਲੀਸ ਨੂੰ ਦਿੱਤੀ। ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਮ੍ਰਿਤਕ ਹੀ ਪਛਣ ਗੁਰਵਿੰਦਰ ਸਿੰਘ ਉਰਫ ਕਾਕਾ (31) ਪੁੱਤਰ ਮਨੋਹਰ ਸਿੰਘ ਵਾਸੀ ਬਿੱਲਾ ਚਾਹਰਮੀ ਵਜੋਂ ਹੋਈ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ। -ਪੱਤਰ ਪ੍ਰੇਰਕ
ਤਰਨ ਤਾਰਨ: ਰੇਲਵੇ ਪੁਲੀਸ ਦੀ ਸਥਾਨਕ ਚੌਂਕੀ ਨੂੰ ਬੀਤੀ ਦੇਰ ਸ਼ਾਮ ਕੋਟ ਮਿੱਤ ਸਿੰਘ (ਅੰਮ੍ਰਿਤਸਰ) ਦੀਆਂ ਰੇਲਵੇ ਲਾਈਨਾਂ ਦੇ ਬਾਹਰੋਂ ਲਾਸ਼ ਬਰਾਮਦ ਹੋਈ ਹੈ| ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਿਸੇ 25-30 ਉਮਰ ਦੇ ਨੌਜਵਾਨ ਦੀ ਹੈ, ਜਿਸ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਰੰਗਦਾਰ ਧਾਰੀਆਂ ਵਾਲਾ ਲੋਅਰ ਪਹਿਨਿਆ ਹੈ| ਪੁਲੀਸ ਨੇ ਪਛਾਣ ਲਈ ਲਾਸ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਹੈ| ਇਸ ਸਬੰਧੀ ਧਾਰਾ 174 ਅਧੀਨ ਰਿਪੋਰਟ ਦਰਜ ਕੀਤੀ ਗਈ ਹੈ| -ਪੱਤਰ ਪ੍ਰੇਰਕ
ਫਗਵਾੜਾ: ਇਥੋਂ ਦੇ ਰੇਲਵੇ ਲਾਈਨਾ ਦੇ ਨਾਲ ਲੱਗਦੇ ਮਾਲ ਗੁਦਾਮ ਰੋਡ ਤੋਂ ਪੁਲੀਸ ਨੂੰ ਲਾਸ਼ ਮਿਲੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਲਾਸ਼ ਸਿਵਲ ਹਸਪਤਾਲ ਵਿੱਚ ਮੋਰਚੀ ’ਚ ਸ਼ਨਾਖ਼ਤ ਲਈ 72 ਘੰਟੇ ਲਈ ਰਖਵਾ ਦਿੱਤੀ ਹੈ ਤੇ ਉਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਕਿ ਮ੍ਰਿਤਕ ਵਿਅਕਤੀ ਭਿਖਾਰੀ ਸੀ ਤੇ ਇਥੇ ਆਸ ਪਾਸ ਹੀ ਰਹਿੰਦਾ ਸੀ। -ਪੱਤਰ ਪ੍ਰੇਰਕ