ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 18 ਮਈ
ਅੰਮ੍ਰਿਤਸਰ ਤੋਂ ਕਾਰ ਰਾਹੀਂ ਹੈਰੋਇਨ ਲੈ ਕੇ ਗੁਰਦਾਸਪੁਰ ਆ ਰਹੇ ਤਿੰਨ ਜਣਿਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਹੈ। ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਦਰ ਪੁਲੀਸ ਸਟੇਸ਼ਨ, ਗੁਰਦਾਸਪੁਰ ਦੀ ਟੀਮ ਨੇ ਇੱਕ ਨਾਕੇ ਦੌਰਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਹੀ ਗੱਡੀ ਨੂੰ ਰੋਕ ਕੇ ਤਿੰਨ ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸ਼ਿੰਟੂ ਯਾਦਵ, ਸੁਖਦੇਵ ਸਿੰਘ ਉਰਫ਼ ਸੋਢੀ ਅਤੇ ਅਮਨਪ੍ਰੀਤ ਕੌਰ ਵਜੋਂ ਹੋਈ ਹੈ। ਇਹ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਸੁਖਪਾਲ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਹੈਰੋਇਨ ਖ਼ਰੀਦ ਕੇ ਗੁਰਦਾਸਪੁਰ ਅਤੇ ਇਸ ਦੇ ਨਜ਼ਦੀਕੀ ਖੇਤਰਾਂ ਵਿੱਚ ਵੇਚਣ ਲਈ ਆ ਰਹੇ ਸਨ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਪਹਿਲਾਂ ਕਿੱਥੇ ਅਤੇ ਕਿਸ ਨੂੰ ਹੈਰੋਇਨ ਵੇਚ ਚੁੱਕੇ ਹਨ।
ਫਗਵਾੜਾ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਵਲੋਂ ਵੱਡੀ ਮਾਤਰਾ ’ਚ ਅਫ਼ੀਮ ਸਣੇ ਕਾਬੂ ਕੀਤੇ ਚਾਰ ਨੌਜਵਾਨਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀਆਈਏ ਸਟਾਫ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਮੰਨਿਆ ਕਿ ਇਹ ਮਾਲ ਉਹ ਰਾਜਸਥਾਨ ਤੋਂ ਮੰਗਵਾ ਕੇ ਵੇਚਦੇ ਸਨ। ਪੁਲੀਸ ਦਾ ਕਹਿਣਾ ਹੈ ਇਨ੍ਹਾਂ ਮੁਲਜ਼ਮਾਂ ਕੋਲੋਂ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਹੈਰੋਇਨ ਤੇ ਅਸਲੇ ਸਣੇ ਨਸ਼ਾ ਤਸਕਰ ਕਾਬੂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਮਿਸ਼ਨਰੇਟ ਪੁਲੀਸ ਨੇ ਅੱਜ ਇੱਕ ਨਸ਼ਾ ਤਸਕਰ ਨੂੰ 1.05 ਕਿਲੋਗ੍ਰਾਮ ਹੈਰੋਇਨ, ਅਸਲਾ, 1.72 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਆਫ ਪੁਲੀਸ ਜਸਕਿਰਨ ਸਿੰਘ ਤੇਜਾ ਅਤੇ ਏਡੀਸੀਪੀ ਗੁਰਬਾਜ ਸਿੰਘ ਵੀ ਮੌਜੂਦ ਸਨ, ਨੇ ਦੱਸਿਆ ਕਿ ਤਸਕਰ ਦੀ ਪਛਾਣ ਦੀਪਕ ਕਪੂਰ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ। ਇਸ ਸਮੇਂ ਥਾਣਾ ਲਾਲੜੂ (ਮੋਹਾਲੀ) ਅਤੇ ਸਦਰ ਪੁਲੀਸ ਸਟੇਸ਼ਨ ਜਲੰਧਰ ਵਿਚ ਐੱਨਡੀਪੀਐੱਸ ਐਕਟ ਤਹਿਤ ਦਰਜ ਦੋ ਕੇਸਾਂ ਵਿੱਚ ਜ਼ਮਾਨਤ ’ਤੇ ਸੀ। ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਕਿ ਦੀਪੂ ਬਾਬੂ ਜਗਜੀਵਨ ਰਾਮ ਚੌਕ ਤੋਂ ਘਾਹ ਮੰਡੀ ਤੱਕ ਸੜਕ ’ਤੇ ਕਿਸੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਦੇਣ ਵਾਲਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਦੀਪੂ ਨੂੰ ਬਾਬੂ ਜਗਜੀਵਨ ਰਾਮ ਚੌਕ ਨੇੜਿਓਂ 1.05 ਕਿਲੋਗ੍ਰਾਮ ਹੈਰੋਇਨ, ਪਿਸਤੌਲ ਤੇ ਤਿੰਨ ਕਾਰਤੂਸ, 1.72 ਲੱਖ ਦੀ ਡਰੱਗ ਮਨੀ ਅਤੇ ਇੱਕ ਰੋ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ।