ਪੱਤਰ ਪ੍ਰੇਰਕ
ਪਠਾਨਕੋਟ, 16 ਸਤੰਬਰ
ਜ਼ਿਲ੍ਹਾ ਪੁਲੀਸ ਨੇ ਲੁੱਟਾਂ-ਖੋਹਾਂ ਅਤੇ ਕੁੱਟਮਾਰ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਇੱਕ ਭਗੌੜਾ ਅਤੇ ਦੋ ਜ਼ਮਾਨਤ ਤੇ ਬਾਹਰ ਆਏ ਹੋਏ ਹਨ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਨਰੋਟ ਜੈਮਲ ਸਿੰਘ ਪੁਲੀਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ, 13 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਹਿਚਾਣ ਕੁਲਵੰਤ ਸਿੰਘ ਵਾਸੀ ਪੰਛਾਟਾ ਪੱਤੀ ਭਾਗ ਸਿੰਘ (ਜ਼ਿਲ੍ਹਾ ਕਪੂਰਥਲਾ), ਦਵਿੰਦਰ ਸਿੰਘ ਉਰਫ਼ ਪੋਕੀ ਵਾਸੀ ਨੰਗਲ ਸ਼ਹੀਦਾ (ਹੁਸ਼ਿਆਰਪੁਰ) ਅਤੇ ਸਾਹਿਲ ਮੱਟੂ ਉਰਫ਼ ਰੋਬਿਨ ਵਾਸੀ ਬਲਾਸਾ ਵਾਲਾ ਖੂਹ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਉਕਤ ਤਿੰਨੇ ਮੁਲਜ਼ਮ ਪੇਸ਼ੇਵਰ ਹਨ ਜਿਨ੍ਹਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।