ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਜੁਰਮ ਵਿੱਚ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਹਮਲਾ ਕਰਨ ਵਾਲੇ 3 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਨੌਜਵਾਨਾਂ ਵਿੱਚ ਖਾਨਪੁਰ ਦੇ ਲਵ ਵਾਸੀ ਮੁਹੱਲਾ ਬਜੂਆ, ਰਾਹੁਲ ਵਾਸੀ ਮਨਵਾਲ ਅਤੇ ਸੁਖੀ ਵਾਸੀ ਮਿਸ਼ਨ ਰੋਡ, ਪਠਾਨਕੋਟ ਸ਼ਾਮਲ ਹਨ।
ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਊ ਸ਼ਾਸਤਰੀ ਨਗਰ, ਪਠਾਨਕੋਟ ਦੇ ਰਹਿਣ ਵਾਲੇ ਰੋਹਿਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਸਾਹਿਲ ਸ਼ਾਮ ਨੂੰ ਜਦੋਂ ਮਾਂ ਦੀ ਦਵਾਈ ਲੈਣ ਹਸਪਤਾਲ ਪੁੱਜੇ ਤਾਂ ਹਸਪਤਾਲ ਦੇ ਗੇਟ ਬਾਹਰ 3 ਨੌਜਵਾਨ ਨੇ ਪੁਰਾਣੀ ਰੰਜ਼ਿਸ ਦੇ ਚਲਦੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤਾਂ ਉਨ੍ਹਾਂ ਡਰਾਈਵਰ ਨੂੰ ਆਟੋ ਭਜਾਉਣ ਲਈ ਕਿਹਾ। ਪਰ ਉਕਤ ਹਮਲਾਵਰ ਉਨ੍ਹਾਂ ਦੇ ਪਿੱਛੇ ਲੱਗ ਗਏ ਅਤੇ ਉਹ ਜਿਉਂ ਹੀ ਗੁਰਦਾਸਪੁਰ ਰੋਡ ਸਥਿਤ ਪੈਟਰੋਲ ਪੰਪ ਕੋਲ ਪੁੱਜੇ ਤਾਂ ਤਿੰਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਉਸ (ਰੋਹਿਤ) ਨੂੰ ਆਟੋ ਵਿੱਚੋਂ ਬਾਹਰ ਕੱਢ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਦ ਉਸ ਨੂੰ ਛੁਡਾਉਣ ਲਈ ਉਸ ਦਾ ਭਰਾ ਸਾਹਿਲ ਅੱਗੇ ਆਇਆ ਤਾਂ ਉਸ ਤੇ ਵੀ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਇਹ ਵਾਰਦਾਤ 4 ਦਿਨ ਪਹਿਲਾਂ ਦੀ ਹੈ ਪੁਲੀਸ ਨੇ ਇਸ ਸਬੰਧੀ ਦਰਜ ਕਰ ਦਿੱਤਾ ਸੀ ਪਰ ਮੁਲਜ਼ਮ ਫਰਾਰ ਹੋ ਗਏ ਸਨ ਜਿੰਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।