ਹਰਜੀਤ ਸਿੰਘ ਪਰਮਾਰ
ਬਟਾਲਾ, 3 ਅਪਰੈਲ
ਇੱਥੋਂ ਦੀ ਪੁਲੀਸ ਨੇ ਚੋਰੀ ਦੀਆਂ ਕਈ ਵਾਰਦਾਤਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 9 ਤੋਲੇ ਸੋਨਾ ਅਤੇ 39 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲੀਸ ਨੇ ਦਰਜ ਕੀਤੇ ਗਏ ਚੋਰੀ ਦੇ ਕੇਸਾਂ ਵਿੱਚ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਡੀਐੱਸਪੀ (ਸਿਟੀ) ਦੇਵ ਸਿੰਘ ਨੇ ਦੱਸਿਆ ਕਿ ਸਿਵਲ ਲਾਈਨਜ਼ ਦੀ ਪੁਲੀਸ ਵੱਲੋਂ ਲੰਘੇ ਦਿਨੀਂ ਵੱਖ ਵੱਖ ਖੇਤਰਾਂ ਵਿੱਚ ਹੋਈਆਂ ਚੋਰੀਆਂ ਸਬੰਧੀ ਘਟਨਾ ਸਥਾਨਾਂ ਤੋਂ ਲਈ ਗਈ ਸੀਸੀਟੀਵੀ ਫੂਟੇਜ ਦੀ ਘੋਖ ਕਰ ਕੇ ਮੁਖ਼ਬਰ ਦੀ ਇਤਲਾਹ ’ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖਤ ਸ਼ਰੀਫ ਵਾਸੀ ਕੰਡਿਆਲ, ਰਾਣਾ ਵਾਸੀ ਪਿੰਡ ਕਾਲਾ ਨੰਗਲ ਅਤੇ ਸੁਖਦੀਪ ਸਿੰਘ ਵਾਸੀ ਕੰਡਿਆਲ ਵਜੋਂ ਹੋਈ ਹੈ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਲੰਘੇ ਦਿਨੀਂ ਜੋਤਸਰੂਪ ਸਿੰਘ ਵਾਸੀ ਨਵੀਂ ਆਬਾਦੀ, ਗੁਰੂ ਨਾਨਕ ਨਗਰ ਬਟਾਲਾ ਅਤੇ ਜਸਪਾਲ ਕੌਰ ਵਾਸੀ ਗੋਬਿੰਦ ਨਗਰ, ਭੁੱਲਰ ਰੋਡ ਬਟਾਲਾ ਦੇ ਘਰਾਂ ਵਿੱਚ ਚੋਰੀਆਂ ਕੀਤੀਆਂ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਕਈ ਕੇਸ ਦਰਜ ਹਨ। ਦੱਸਣਯੋਗ ਹੈ ਕਿ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਦਾ ਪਿਤਾ ਹੋਮਗਾਰਡ ਵਿੱਚ ਨੌਕਰੀ ਕਰਦਾ ਹੈ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 9 ਤੋਲੇ ਸੋਨਾ, 39 ਹਜ਼ਾਰ ਰੁਪਏ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਬਟਾਲਾ ਦੀ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।