ਪੱਤਰ ਪ੍ਰੇਰਕ
ਰਈਆ, 7 ਸਤੰਬਰ
ਇੱਥੇ ਚੱਬਾ ਵਿੱਚ ਬਾਬਾ ਨੌਧ ਸਿੰਘ ਸ਼ਹੀਦ ਦੀ ਸਮਾਧ ’ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਸਮੂਹ ਦਲ ਪੰਥਾਂ ਦੇ ਮੁਖੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਤਰਨਾ ਦਲ ਦੇ ਨਿਹੰਗ ਸਿੰਘਾਂ ਤੇ ਰਾਧਾ ਸੁਆਮੀ ਡੇਰੇ ਦੇ ਸੇਵਾਦਾਰਾਂ ਦਰਮਿਆਨ ਹੋਏ ਝਗੜੇ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੈਦਾ ਹੋਣ ਵਾਲੇ ਹਾਲਾਤ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਤਰਨਾ ਦਲ ਮਿਸਲ ਸ਼ਹੀਦ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ, ਤਰਨਾ ਦਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਹਰੀਆਂ ਵੇਲਾ ਦੇ ਮੁਖੀ ਬਾਬਾ ਨਿਹਾਲ ਸਿੰਘ ਵੱਲੋਂ ਬਾਬਾ ਨੌਰੰਗ ਸਿੰਘ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸਮੂਹ ਨਿਹੰਗ ਸਿੰਘ ਮੁਖੀਆਂ ਨੇ ਕਿਹਾ ਕਿ ਸਰਕਾਰ ਦੀ ਢਿੱਲਮੱਠ ਬਰਦਾਸ਼ਤ ਨਹੀਂ ਹੋ ਸਕਦੀ। ਇਸ ਉਪਰੰਤ ਕੇਡੀ ਹਸਪਤਾਲ ਵਿੱਚ ਜ਼ਖ਼ਮੀ ਸਿੰਘਾਂ ਦਾ ਹਾਲ-ਚਾਲ ਜਾਣਨ ਲਈ ਬਾਬਾ ਬਲਬੀਰ ਸਿੰਘ ਤੇ ਬਾਬਾ ਗੱਜਣ ਸਿੰਘ ਸਾਥੀਆਂ ਸਮੇਤ ਪੁੱਜੇ।