ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਅਗਸਤ
ਹਲਕਾ ਖਡੂਰ ਸਾਹਿਬ ਦੇ ਅਕਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਦੀ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਹੈ। ਸਰਪੰਚ ਦਿਲਬਾਗ ਸਿੰਘ ਕਾਹਲਵਾਂ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਅਕਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਦੋਸ਼ ਲਾਏ ਕਿ ਕਰਮੂੰਵਾਲਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਗੁਰੂ ਘਰਾਂ ਵਿੱਚ ਅਨੇਕਾ ਕਥਿਤ ਧਾਂਦਲੀਆਂ ਕੀਤੀਆਂ ਹਨ, ਜਿਨ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਕਰਨ ’ਤੇ ਕਥਿਤ ਧਾਂਦਲੀਆਂ ਉਜਾਗਰ ਹੋਈਆਂ ਹਨ। ਇਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ ਦੀ ਮੈਂਬਰੀ ਖਾਰਜ ਹੋਣੀ ਚਾਹੀਦੀ ਹੈ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਭੱਠਲ, ਸਹਿਜ ਸਿੰਘ, ਸਰਪੰਚ ਰਣਜੀਤ ਸਿੰਘ ਭੱਠਲ, ਸਰਪੰਚ ਮਨਜਿੰਦਰ ਸਿੰਘ ਵੜਿੰਗ, ਸਰਪੰਚ ਕਰਮ ਸਿੰਘ ਫੈਲੋਕੇ, ਸਰਬਜੀਤ ਸਿੰਘ ਮੋਹਨਪੁਰ, ਗੁਰਚਰਨ ਸਿੰਘ ਭੱਠਲ, ਭੁਪਿੰਦਰ ਸਿੰਘ ਮੋਹਨਪੁਰ ਆਦਿ ਨੇ ਆਖਿਆ ਕਿ ਕਰਮੂੰਵਾਲਾ ਇਸ ਮਾਮਲੇ ’ਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਮ ਵਰਤ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।