ਪੱਤਰ ਪ੍ਰੇਰਕ
ਪਠਾਨਕੋਟ, 20 ਮਈ
ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਦੇ ਸਟੇਡੀਅਮ ਵਿੱਚ ਕਰੋੜਾਂ ਰੁਪਏ ਖ਼ਰਚ ਕੇ ਬਣਾਈ ਗਈ ਵਾਟਰ ਸਪਲਾਈ ਲਈ ਟੈਂਕੀ ਸਫ਼ੈਦ ਹਾਥੀ ਸਾਬਤ ਹੋ ਰਹੀ ਹੈ। ਸਾਫ਼ ਪਾਣੀ ਨਾ ਮਿਲਣ ’ਤੇ ਆਬਾਦੀ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਸੀਨੀਅਰ ਸਿਟੀਜ਼ਨ ਰਾਜਿੰਦਰ ਧੀਮਾਨ, ਬਬਿਤਾ ਦੇਵੀ, ਆਸ਼ਾ ਰਾਣੀ, ਨਿਰਮਲਾ ਦੇਵੀ ਅਤੇ ਪ੍ਰੀਤੋ ਦੇਵੀ ਆਦਿ ਨੇ ਦੱਸਿਆ ਕਿ 7 ਸਾਲ ਪਹਿਲਾਂ ਨਗਰ ਕੌਂਸਲ ਵੱਲੋਂ ਲੱਗਭੱਗ ਇੱਕ ਕਰੋੜ ਰੁਪਏ ਖਰਚ ਕਰਕੇ ਪਾਣੀ ਦੀ ਟੈਂਕੀ ਬਣਾਈ ਗਈ ਸੀ ਅਤੇ ਮੋਟਰ ਵੀ ਲਗਾਈ ਗਈ ਸੀ ਜਿਸ ਦਾ ਕੰਮ ਸੀਵਰੇਜ ਬੋਰਡ ਵੱਲੋਂ ਕਰਵਾਇਆ ਗਿਆ ਸੀ। ਇਸ ਵਾਟਰ ਸਪਲਾਈ ਸਕੀਮ ਦਾ ਕੰਮ ਪੂਰਾ ਹੋਣ ਬਾਅਦ ਇਸ ਨੂੰ ਨਗਰ ਕੌਂਸਲ ਸੁਜਾਨਪੁਰ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਤੋਂ ਟੈਂਕੀ ਬਣੀ ਹੈ ਉਦੋਂ ਤੋਂ ਇੱਕ ਵਾਰ ਵੀ ਟੈਂਕੀ ਵਿੱਚ ਪਾਣੀ ਸਟੋਰ ਨਹੀਂ ਹੋਇਆ ਅਤੇ ਇੱਥੇ ਜੋ ਬੋਰ ਕੀਤਾ ਗਿਆ ਹੈ, ਉਸ ਦੀ ਡੂੰਘਾਈ ਘੱਟ ਹੋਣ ਕਾਰਨ ਇਸ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮੱਸਿਆ ਬਾਰੇ ਉਨ੍ਹਾਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਸ ਸਬੰਧੀ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਜਤਿੰਦਰ ਮਹਾਜਨ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਬੋਰਡ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਇਸ ਸਮੱਸਿਆ ਨੂੰ ਹੱਲ ਕਰਵਾਇਆ ਜਾਵੇਗਾ।