ਪੱਤਰ ਪ੍ਰੇਰਕ
ਪਠਾਨਕੋਟ, 15 ਮਈ
ਅਬਰੋਲ ਨਗਰ ਵਿੱਚ ਚੋਰਾਂ ਨੇ ਠੇਕੇਦਾਰ ਦੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰੋਂ 20 ਹਜ਼ਾਰ ਰੁਪਏ, ਚਾਂਦੀ ਦੇ ਭਾਂਡੇ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਸਬੰਧਿਤ ਠੇਕੇਦਾਰ ਅਨਿਲ ਸ਼ਰਮਾ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਚੋਰ ਪਿੱਛੋਂ ਘਰ ਦੇ ਤਾਲੇ ਤੋੜ ਕੇ ਚੋਰੀ ਨੂੰ ਅੰਜ਼ਾਮ ਦੇ ਗਏ।
ਅਬਰੋਲ ਨਗਰ ਵਾਸੀ ਠੇਕੇਦਾਰ ਅਨਿਲ ਸ਼ਰਮਾ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਇਲਾਜ ਚੰਡੀਗੜ੍ਹ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ। ਉਹ ਹਰ ਮਹੀਨੇ ਪਤਨੀ ਦਾ ਚੈੱਕਅੱਪ ਕਰਵਾਉਣ ਚੰਡੀਗੜ੍ਹ ਜਾਂਦਾ ਹੈ। ਉਹ ਕਰੀਬ 3 ਦਿਨ ਪਹਿਲਾਂ ਪਤਨੀ ਦਾ ਚੈੱਕਅੱਪ ਕਰਵਾਉਣ ਚੰਡੀਗੜ੍ਹ ਗਿਆ ਸੀ। ਉਸ ਨੂੰ ਅੱਜ ਸਵੇਰੇ ਗੁਆਂਢੀਆਂ ਦਾ ਫੋਨ ਆਇਆ ਕਿ ਉਸ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ। ਉਸ ਨੇ ਤੁਰੰਤ ਚੰਡੀਗੜ੍ਹ ਤੋਂ ਆ ਕੇ ਦੇਖਿਆ ਤਾਂ ਘਰ ਵਿੱਚ ਚੋਰੀ ਹੋਈ ਪਈ ਸੀ। ਚੋਰ ਘਰ ਦੇ ਅੰਦਰੋਂ ਮੰਦਰ ਵਿੱਚ ਪਏ ਕੁਝ ਪੈਸੇ ਅਤੇ ਹੋਰ ਥਾਵਾਂ ’ਤੇ ਪਏ ਬੱਚਤ ਦੇ ਕੀਤੇ ਹੋਏ ਕਰੀਬ 20 ਹਜ਼ਾਰ ਰੁਪਏ, 1.50 ਕਿਲੋ ਚਾਂਦੀ ਦੇ ਭਾਂਡਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ।
ਸੂਚਨਾ ਮਿਲਣ ’ਤੇ ਮੌਕੇ ’ਤੇ ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲੀਸ, ਏਐੱਸਆਈ ਨਿਰਮਲ ਸਿੰਘ ਦੀ ਅਗਵਾਈ ਵਿੱਚ ਪੁੱਜੀ ਅਤੇ ਪੁਲੀਸ ਨੇ ਮੌਕਾ ਮੁਆਇਨਾ ਕਰ ਕੇ ਜਾਂਚ ਆਰੰਭ ਦਿੱਤੀ ਹੈ।