ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਕਸਬਾ ਫਤਿਆਬਾਦ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਦੁਕਾਨ ਵਿੱਚ ਨੌਜਵਾਨ ਵੱਲੋਂ ਇੱਕ ਵਿਆਹੁਤਾ ਔਰਤ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰਨ ਤੋਂ ਬਾਅਦ ਖੁਦ ਨੂੰ ਵੀ ਤੇਜ਼ਧਾਰ ਚਾਕੂ ਨਾਲ ਗੰਭੀਰ ਜ਼ਖ਼ਮੀ ਕਰ ਲਿਆ ਗਿਆ। ਸਥਾਨਕ ਪੁਲੀਸ ਵੱਲੋਂ ਦੋਨਾਂ ਨੂੰ ਫਤਿਆਬਾਦ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਔਰਤ ਦੇ ਨਜ਼ਦੀਕੀ ਰਿਸ਼ਤੇਦਾਰ ਤਰਸੇਮ ਲਾਲ ਪੁੱਤਰ ਸੋਹਣ ਲਾਲ ਵਾਸੀ ਫਤਿਆਬਾਦ ਨੇ ਦੱਸਿਆ ਕਿ ਜ਼ਖ਼ਮੀ ਨਿਰਮਲ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਪੰਡੋਰੀ ਵੜੈਚ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਉਹ ਆਪਣੇ ਚਾਰ ਬੱਚਿਆਂ ਸਮੇਤ ਆਪਣੇ ਪੇਕੇ ਪਿੰਡ ਫਤਿਆਬਾਦ ਰਹਿ ਰਹੀ ਸੀ। ਇਸੇ ਦੌਰਾਨ ਨਿਰਮਲ ਕੌਰ ਦਾ ਪਰਮਜੀਤ ਸਿੰਘ ਵਾਸੀ ਸੰਗਤਪੁਰ ਨਾਲ ਕਥਿਤ ਪ੍ਰੇਮ ਸਬੰਧ ਵੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਇੱਕ ਵਜੇ ਪਰਮਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਤਪੁਰਾ (ਅੰਮ੍ਰਿਤਸਰ) ਆਪਣੇ ਮੋਟਰਸਾਈਕਲ ਨੰਬਰ ਪੀਬੀ 02 ਡੀਪੀ 3216 ’ਤੇ ਫਤਿਆਬਾਦ ਦੇ ਬੱਸ ਸਟੈਂਡ ’ਤੇ ਆ ਕੇ ਨਿਰਮਲ ਕੌਰ ਨਾਲ ਕਿਸੇ ਗੱਲ ਤੋਂ ਬਹਿਸ ਕਰਨ ਲੱਗ ਪਿਆ। ਇਸੇ ਬਹਿਸ ਦੌਰਾਨ ਪਰਮਜੀਤ ਸਿੰਘ ਨੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਨਿਰਮਲ ਕੌਰ ਦੇ ਗਲੇ ਦੀ ਸਾਹ ਰਗ ਵੱਢ ਦਿੱਤੀ ਅਤੇ ਫਿਰ ਆਪਣਾ ਗਲਾ ਵੱਢ ਲਿਆ। ਸਥਾਨਕ ਲੋਕਾਂ ਵੱਲੋਂ ਪੁਲੀਸ ਨੂੰ ਸੂਚਿਤ ਕਰਨ ’ਤੇ ਪੁਲੀਸ ਨੇ ਉਨ੍ਹਾਂ ਦੋਵਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਸਥਾਨ ’ਤੇ ਪਹੁੰਚੇ ਫਤਿਆਬਾਦ ਚੌਕੀ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।