ਬਲਵਿੰਦਰ ਸਿੰਘ ਭੰਗੂ
ਭੋਗਪੁਰ, 25 ਮਾਰਚ
ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਆਦਮਪੁਰ ਅਤੇ ਕਰਤਾਰਪੁਰ ਵਿੱਚ ਅਕਾਲੀ ਦਲ ਦਾ ਸਿਆਸੀ ਗ੍ਰਾਫ ਉੱਚਾ ਚੁੱਕਣ ਅਤੇ ਯੂਥ ਅਕਾਲੀ ਦਲ ਦੀ ਹੋਂਦ ਮਜ਼ਬੂਤ ਕਰਨ ਲਈ ਪੰਜਾਬ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਲਾਹਦੜਾ ਨੇ ਆਪਣੇ ਪਿੰਡ ਲਾਹਦੜਾ ਵਿੱਚ ‘ਯੂਥ ਮੰਗਦਾ ਹੈ ਜਵਾਬ’ ਬੈਨਰ ਹੇਠ ਵਿਸ਼ਾਲ ਰੈਲੀ ਕੀਤੀ। ਇਸ ਰੈਲੀ ਵਿੱਚ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਪਵਨ ਕੁਮਾਰ ਟੀਨੂੰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਐੱਸਜੀਪੀਸੀ ਮੈਂਬਰ ਰਣਜੀਤ ਸਿੰਘ ਕਾਹਲੋਂ, ਕਰਤਾਰਪੁਰ ਦੇ ਹਲਕਾ ਇੰਚਾਰਜ ਸਤਪਾਲ ਮੱਲ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਵਿੱਚ ਕਥਿਤ ਝੂਠੇ ਵਾਅਦੇ ਕਰਕੇ ਅਤੇ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਸੱਤਾ ਹਾਸਲ ਕੀਤੀ ਸੀ ਤੇ ਕੈਪਟਨ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਵਿਚ ਪੰਜਾਬ ਦਾ ਨੌਜਵਾਨ ਇਸ ਸਮੇਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹੁਣ ਤੋਂ ਪੂਰਾ ਜ਼ੋਰ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਵਾਗਡੋਰ ਅਕਾਲੀ ਦਲ ਦੇ ਹੱਥ ਫੜਾਉਣ ਦਾ ਮਤਲਬ ਸੂਬੇ ਦਾ ਸਰਬਪੱਖੀ ਵਿਕਾਸ ਕਰਨਾ ਹੈ।
ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਤਲਵਾੜਾ (ਦੀਪਕ ਠਾਕੁਰ): ਇੱਥੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਮਾਣ ਭੱਤਾ ਨਾ ਮਿਲਣ ਦੇ ਵਿਰੋਧ ’ਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਪੰਜਾਬ (ਸੀਟੂ) ਬਲਾਕ ਤਲਵਾੜਾ ਦੀ ਪ੍ਰਧਾਨ ਨਰੇਸ਼ ਕੁਮਾਰੀ ਨੇ ਸਰਕਾਰ ’ਤੇ ਮਹਿਲਾ ਵਿਰੋਧੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮਾਣ ਭੱਤੇ ਦਾ ਮਾਮਲਾ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ ਪਰ ਕੋਈ ਰਾਹਤ ਨਹੀਂ ਮਿਲੀ। ਯੂਨੀਅਨ ਦੀ ਸਕੱਤਰ ਮਨਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੇ ਦਾਅਵਿਆਂ ਨੂੰ ਮਹਿਜ਼ ਖਾਨਾਪੂਰਤੀ ਦੱਸਿਆ।
ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪਠਾਨਕੋਟ (ਐਨਪੀ ਧਵਨ): ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਦੇ ਆਗੂਆਂ ਨੇ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਪਿਛਲੇ 4 ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ ’ਤੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਕਨਵੀਨਰ ਰਾਮ ਦਾਸ, ਬਿਕਰਮਜੀਤ, ਮਾਸਟਰ ਸੱਤਿਆ ਪ੍ਰਕਾਸ਼, ਪ੍ਰਿੰਸੀਪਲ ਮੰਗਲ ਦਾਸ, ਡਾ. ਲੇਖ ਰਾਜ, ਸੁਰਿੰਦਰ ਸਲਵਾਨ, ਚਮਨ ਗੁਪਤਾ ਅਤੇ ਸੁਖਨਿੰਦਰ ਸ਼ਰਮਾ ਸ਼ਾਮਲ ਸਨ। ਸਮੂਹ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ 4 ਸਾਲ ਦੇ ਅਰਸੇ ਵਿੱਚ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਵਿੱਚੋਂ ਇੱਕ ਮੰਗ ਨੂੰ ਵੀ ਅੰਜਾਮ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ 1 ਜਨਵਰੀ 2016 ਤੋਂ ਡਿਊ ਤਨਖਾਹ ਕਮਿਸ਼ਨ 5 ਸਾਲ ਦਾ ਸਮਾਂ ਨਿਕਲਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ, ਡੀਏ ਦੀਆਂ ਚਾਰ-ਪੰਜ ਕਿਸ਼ਤਾਂ ਪੁਰਾਣੇ ਬਕਾਏ ਸਮੇਤ ਰੋਕ ਰੱਖੀਆਂ ਹਨ, ਮੈਡੀਕਲ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਅਤੇ ਨਾ ਹੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਇਸੇ ਦੌਰਾਨ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਉਪਰ ਦਬਾਅ ਪਾਉਣ ਲਈ 16 ਅਪਰੈਲ ਨੂੰ ਪਟਿਆਲਾ ਅਤੇ 27 ਅਪਰੈਲ ਨੂੰ ਜਲੰਧਰ ਵਿੱਚ ਜ਼ੋਨਲ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਦੇ ਸਮੂਹ ਪੈਨਸ਼ਨਰਜ਼ ਅਤੇ ਮੁਲਾਜ਼ਮ 4 ਮਈ ਤੋਂ ਪਟਿਆਲਾ ਵਿੱਚ ਪੱਕਾ ਧਰਨਾ ਸ਼ੁਰੂ ਕਰ ਦੇਣਗੇ। ਅੰਤ ਵਿੱਚ ਪੈਨਸ਼ਨਰਜ਼ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ।