ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 11 ਅਗਸਤ
ਕਸਬੇ ਵਿੱਚ ਬਾਅਦ ਦੁਪਹਿਰ ਦੋ ਨਕਾਬਪੋਸ਼ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ 19 ਸਾਲਾ ਮੁਟਿਆਰ ਨੂੰ ਬੰਦੀ ਬਣਾ ਕੇ ਗਹਿਣੇ ਤੇ ਨਕਦੀ ਲੁੱਟ ਲਈ।
ਪੀੜਤ ਜਗਦੀਸ਼ ਸਿੰਘ ਤੇ ਜਸਬੀਰ ਕੌਰ ਨੇ ਦੱਸਿਆ ਕਿ ਉਹ ਇੱਥੋਂ ਦੇ ਫੇਜ਼ ਨੰਬਰ ਦੋ ਦੇ ਰਹਿਣ ਵਾਲੇ ਹਨ ਅਤੇ ਕਿਸੇ ਕੰਮ ਕਾਰਨ ਘਰ ਤੋਂ ਬਾਹਰ ਗਏ ਹੋਏ ਸਨ। ਉਨ੍ਹਾਂ ਦੀ 19 ਸਾਲਾ ਧੀ ਸੰਦੀਪ ਕੌਰ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਅੱਜ ਦਿਨ-ਦਿਹਾੜੇ ਦੋ ਨਕਾਬਪੋਸ਼ ਲੁਟੇਰੇ ਘਰ ਵਿੱਚ ਦਾਖਲ ਹੋ ਗਏ। ਉਨ੍ਹਾਂ ਸੰਦੀਪ ਕੌਰ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬੰਦੀ ਬਣਾ ਕੇ ਘਰ ਵਿੱਚ ਪਏ 10 ਤੋਲੇ ਦੇ ਕਰੀਬ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਮੌਕੇ ’ਤੇ ਪਹੁੰਚੇ ਸਬ ਡਿਵੀਜ਼ਨ ਖਡੂਰ ਸਾਹਿਬ ਦੇ ਡੀਐੱਸਪੀ ਜਸਤਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਸਬੂਤ ਇਕੱਤਰ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।