ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਜੁਲਾਈ
ਪਿੰਡ ਤੁੜ ਵਿੱਚ ਮਜ਼ਦੂਰਾਂ ਦੇ ਘਰਾਂ ’ਚ ਦਾਖ਼ਲ ਹੋ ਰਹੇ ਬਰਸਾਤੀ ਪਾਣੀ ਦਾ ਹੱਲ ਨਾ ਕਰਨ ਵਿਰੁੱਧ ਅੱਜ ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ’ਤੇ ਪਿੰਡ ਤੁੜ ਵਾਸੀਆਂ ਵੱਲੋਂ ਹਲਕਾ ਵਿਧਾਇਕ ਖਡੂਰ ਸਾਹਿਬ ਅਤੇ ਬੀਡੀਪੀਓ ਨੌਸ਼ਹਿਰਾ ਪੰਨੂਆ ਦਾ ਪੁਤਲਾ ਸਾੜਿਆ ਗਿਆ। ਪਿੰਡ ਵਾਸੀਆ ਨੇ ਦੋਵਾਂ ਦੇ ਕਥਿਤ ਪੱਖਪਾਤੀ ਵਤੀਰੇ ਵਿਰੁੱਧ ਨਾਅਰੇਬਾਜ਼ੀ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਸਰਪੰਚ ਦਿਆਲ ਸਿੰਘ ਕਿਸਾਨ ਆਗੂ ਨਰਿੰਦਰ ਸਿੰਘ ਤੇ ਜੰਗ ਬਹਾਦਰ ਸਿੰਘ ਤੁੜ ਨੇ ਕਿਹਾ ਕਿ ਪਿੰਡ ਤੁੜ ’ਚ ਬਾਰਿਸ਼ ਦੇ ਨਾਲ ਮਜ਼ਦੂਰਾਂ ਦੇ ਘਰਾਂ ਵਿੱਚ ਦਾਖਲ ਹੋ ਰਹੇ ਬਰਸਾਤੀ ਪਾਣੀ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਖਡੂਰ ਸਾਹਿਬ ’ਤੇ ਦੋਸ਼ ਲਗਾਇਆ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸ ਦੇ ਕਰਿੰਦੇ ਮਜ਼ਦੂਰਾਂ ਦੇ ਘਰਾਂ ਦਾ ਪਾਣੀ ਕਢਾਉਣ ਦੀ ਥਾਂ ਇਕ ਧਿਰ ਦਾ ਪੱਖ ਪੂਰ ਰਹੇ ਹਨ।