ਪੱਤਰ ਪ੍ਰੇਰਕ
ਪਠਾਨਕੋਟ, 10 ਸਤੰਬਰ
ਚੱਕੀ ਦਰਿਆ ਵਿੱਚ ਪਿਛਲੇ ਮਹੀਨੇ 20 ਅਗਸਤ ਨੂੰ ਆਏ ਹੜ੍ਹ ਦੇ ਪਾਣੀ ਨਾਲ ਜਿੱਥੇ ਰੇਲਵੇ ਪੁਲ ਰੁੜ੍ਹ ਗਿਆ ਸੀ, ਉੱਥੇ ਉਸ ਦੇ ਨਜ਼ਦੀਕ ਹੀ ਪੰਜਾਬ-ਹਿਮਾਚਲ ਨੂੰ ਲਿੰਕ ਕਰਦਾ ਨੈਸ਼ਨਲ ਹਾਈਵੇਅ ਵਾਲਾ ਪੁਲ ਵੀ ਖਤਰੇ ਹੇਠ ਆ ਗਿਆ ਸੀ। ਦੋਵਾਂ ਸੂਬਿਆਂ ਦੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਇਸ ਉਪਰੋਂ ਟਰੈਫਿਕ ਲੰਘਣਾ ਬੰਦ ਕਰ ਦਿੱਤਾ ਸੀ। ਇਸ ਪੁਲ ਨੂੰ ਸੁਰੱਖਿਅਤ ਕਰਨ ਲਈ ਇਸ ਦੇ 2 ਪਿੱਲਰ ਜਿਨ੍ਹਾਂ ਦੇ ਆਲੇ-ਦੁਆਲਿਉਂ ਭੂਮੀ ਕਟਾਅ ਹੋ ਜਾਣ ਨਾਲ ਉਨ੍ਹਾਂ ਦੀਆਂ ਨੀਹਾਂ ਨਜ਼ਰ ਆਉਣ ਲੱਗ ਪਈਆਂ ਸਨ, ਦੇ ਆਲੇ-ਦੁਆਲੇ ਪੱਥਰਾਂ ਦੇ ਕਰੇਟ ਬੰਨ੍ਹਣ ਦਾ ਕੰਮ 22 ਅਗਸਤ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਨੇ ਸ਼ੁਰੂ ਕਰਵਾ ਦਿੱਤਾ ਸੀ। ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਸੈਨਾ ਦੀ ਮਦਦ ਨਾਲ ਚੱਕੀ ਦਰਿਆ ਅੰਦਰ ਮਸ਼ੀਨਾਂ ਲਗਾ ਕੇ ਦਰਿਆ ਦੇ ਪਾਣੀ ਦੇ ਵਹਾਅ ਨੂੰ ਮਿੱਟੀ ਪਾ ਕੇ ਦੂਜੇ ਪਾਸੇ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਹ ਪੁਲ ਆਮ ਲੋਕਾਂ ਦੀ ਸਹੂਲਤ ਦੇ ਇਲਾਵਾ ਭਾਰਤੀ ਸੈਨਾ ਲਈ ਵੀ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਹ ਪੁਲ ਮੰਡੀ, ਮਨਾਲੀ, ਅਟਲ ਸੁਰੰਗ ਰਾਹੀਂ ਹੁੰਦੇ ਹੋਏ ਲੇਹ ਜਾਣ ਲਈ ਕਾਰਗਰ ਸਾਧਨ ਹੈ। ਇਸ ਕਰਕੇ ਸੈਨਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਇਸ ਨੂੰ ਹਰ ਹਾਲ ਵਿੱਚ ਬਚਾਅ ਕੇ ਰੱਖਣਾ ਚਾਹੁੰਦੀ ਹੈ। ਸੈਨਾ ਨੇ ਇਸ ਪੁਲ ਦੇ ਖਤਰੇ ਹੇਠ ਆਉਣ ਦਾ ਪਹਿਲਾਂ ਹਵਾਈ ਸਰਵੇਖਣ ਵੀ ਕੀਤਾ ਤੇ ਫਿਰ ਸੈਨਾ ਦੇ ਅਧਿਕਾਰੀਆਂ ਨੇ ਖੁਦ ਦਿਲਚਸਪੀ ਲੈ ਕੇ ਚੱਕੀ ਦਰਿਆ ਵਿੱਚ ਦਿਨ-ਰਾਤ ਮਸ਼ੀਨਾਂ ਲਗਾਈਆਂ ਤੇ 13-14 ਦਿਨਾਂ ਵਿੱਚ ਦਰਿਆ ਦੇ ਪਾਣੀ ਦਾ ਆਰਜ਼ੀ ਬੰਨ੍ਹ ਨਾਲ ਮੁਹਾਣ ਬਦਲਿਆ।
ਇਸ ਪੱਤਰਕਾਰ ਨੇ ਅੱਜ ਜਦ ਇਸ ਪੁਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉੱਥੇ ਪੁਲ ਦੇ ਪ੍ਰਭਾਵਿਤ ਹੋਏ ਪਿੱਲਰਾਂ ਵਾਲੀ ਜਗ੍ਹਾ ’ਤੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਸੀ। ਨੈਸ਼ਨਲ ਹਾਈਵੇਅ ਅਥਾਰਟੀ ਦੇ ਰੈਜ਼ੀਡੈਂਟ ਇੰਜਨੀਅਰ ਵਰੇਂਦਰ ਪ੍ਰਸ਼ਾਦ ਨੇ ਦੱਸਿਆ ਕਿ ਜੇਕਰ ਮੌਸਮ ਠੀਕ ਰਿਹਾ ਤਾਂ 2-3 ਦਿਨ ਵਿੱਚ ਪੁਲ ਉੱਪਰੋਂ ਲਾਈਟ ਵਾਹਨ (ਕਾਰ, ਆਟੋ, ਦੁਪਹੀਆ ਵਾਹਨ ਆਦਿ) ਲੰਘਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 22 ਅਗਸਤ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਤੇ ਹੁਣ ਤੱਕ 4 ਵਾਰ ਦਰਿਆ ਵਿੱਚ ਹੜ੍ਹ ਦਾ ਪਾਣੀ ਆ ਚੁੱਕਿਆ ਹੈ ਤੇ ਉਨ੍ਹਾਂ ਦਾ ਕੰਮ ਕਰਦੇ ਸਮੇਂ ਬਹੁਤ ਸਾਰਾ ਮਟੀਰੀਅਲ ਰੁੜ੍ਹ ਗਿਆ। ਇਸ ਕਰਕੇ ਕੀਤੇ ਕੰਮ ਉੱਪਰ ਪਾਣੀ ਫਿਰ ਜਾਂਦਾ ਸੀ ਤੇ ਮੁੜ ਕੰਮ ਨਵੇਂ ਸਿਰਿਉਂ ਸ਼ੁਰੂ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿੱਲਰ ਨੰਬਰ 1 ਅਤੇ 2 ਭੂਮੀ ਕਟਾਅ ਹੋਣ ਕਰਕੇ ਖਤਰੇ ਹੇਠ ਆਏ ਸਨ ਤੇ ਇਨ੍ਹਾਂ ਦੇ ਆਲੇ-ਦੁਆਲੇ ਪੱਥਰਾਂ ਦੇ ਕਰੇਟ ਬੰਨ੍ਹੇ ਜਾ ਰਹੇ ਹਨ।