ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 28 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਪਿੰਡ ਜ਼ਫਰਵਾਲ ਦੀਆਂ ਔਰਤਾਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਸਫਲਤਾ ਦੀ ਨਵੀਂ ਇਬਾਰਤ ਲਿਖੀ ਹੈ। ਔਰਤਾਂ ਨੇ ਆਪਣੀ ਸਫਲਤਾ ਨੂੰ ਬਿਆਨਦਿਆਂ ਦੱਸਿਆ ਕਿ ਸਵੈ-ਸਹਾਇਤਾ ਸਮੂਹ ਨਾਲ ਜੁੜ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ। ਕਈ ਔਰਤਾਂ ਸਵੈ-ਸਹਾਇਤਾ ਸਮੂਹ ਕੋਲੋਂ ਕਰਜ਼ ਲੈ ਕੇ ਸਾਬਣ, ਸ਼ੈਂਪੂ, ਜੈਵਿਕ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ, ਫੁਲਕਾਰੀਆਂ, ਪਰਸ, ਖਿਡਾਉਣੇ, ਫਰਨੈਲ, ਅਚਾਰ ਆਦਿ ਬਣਾਉਣ ਦੇ ਕਿੱਤੇ ਸ਼ੁਰੂ ਕਰਕੇ ਚੰਗੀ ਆਮਦਨ ਕਮਾ ਰਹੀਆਂ ਹਨ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਅੱਜ ਜੱਫਰਵਾਲ ਵਿਖੇ ਪਹੁੰਚ ਕੇ23 ਸੈਲਫ ਹੈਲਪ ਗਰੁੱਪਾਂ (ਸਵੈ-ਸਹਾਇਤਾ ਸਮੂਹਾਂ) ਵਿੱਚ ਜੁੜੀਆਂ 269 ਔਰਤ ਮੈਂਬਰਾਂ ਦੀ ਕਾਰਜਸ਼ੈਲੀ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਮਰਪਾਲ ਸਿੰਘ, ਬੀਡੀਪੀਓ ਧਾਰੀਵਾਲ ਕੁਲਵੰਤ ਸਿੰਘ, ਬਲਾਕ ਪ੍ਰੋਗਰਾਮ ਮੈਨੇਜਰ ਕੁਲਬੀਰ ਸਿੰਘ, ਡੀਪੀਆਰਓ ਗੁਰਦਾਸਪੁਰ ਇੰਦਰਜੀਤ ਸਿੰਘ ਵੀ ਮੌਜੂਦ ਸਨ।
ਡੀ.ਸੀ ਨੇ ਜ਼ਫਰਵਾਲ ਦੀਆਂ ਔਰਤਾਂ ਵੱਲੋਂ ਸਵੈ-ਸਹਾਇਤਾ ਸਮੂਹਾਂ ਰਾਹੀਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸਰਾਹਨਾ ਕੀਤੀ।
ਧਾਰੀਵਾਲ ਬਲਾਕ ਵਿੱਚ ਸਵੈ-ਸਹਾਇਤਾ ਸਮੂਹਾਂ ਦਾ ਸਭ ਤੋਂ ਵਧੀਆ ਕੰਮ ਚੱਲ ਰਿਹਾ ਹੈ। ਇਸ ਬਲਾਕ ਅੰਦਰ 105 ਪਿੰਡਾਂ ਵਿੱਚੋਂ 93 ਪਿੰਡਾਂ ਵਿੱਚ ਲਗਪਗ 650 ਸਵੈ ਸਹਾਇਤਾ ਸਮੂਹ ਚੱਲ ਰਹੇ ਅਤੇ ਬਲਾਕ ਵਿੱਚ ਲਗਪਗ 3 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਸਿਮਰਨਜੀਤ ਸਿੰਘ, ਹਰਪ੍ਰੀਤ ਕੌਰ ਸੀ.ਸੀ, ਅਮਰਜੀਤ ਕੌਰ ਐਮ ਆਈ ਐਸ, ਕੁਲਦੀਪ ਸਿੰਘ ਐਮ ਆਈ ਐਸ, ਸਰਪੰਚ ਪਰਮਜੀਤ ਸਿੰਘ ਜਫਰਵਾਲ, ਸੰਗਠਨ ਪ੍ਰਧਾਨ ਅੰਜੂ ਆਦਿ ਸਣੇ ਸਮੂਹਾਂ ਦੇ ਮੈਂਬਰ ਹਾਜ਼ਰ ਸਨ।