ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਔਰਤ ਝੁਲਸੀ

ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਔਰਤ ਝੁਲਸੀ

ਪਾਵਰਕੌਮ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਪਿੰਡ ਵਾਸੀ।

ਕੇ ਪੀ ਸਿੰਘ

ਗੁਰਦਾਸਪੁਰ, 22 ਫਰਵਰੀ

ਨਜ਼ਦੀਕੀ ਪਿੰਡ ਅਬੁਲਖੈਰ ਵਿੱਚ ਇਕ ਬਜ਼ੁਰਗ ਔਰਤ ਘਰ ਦੀ ਛੱਤ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਈ। ਪ੍ਰਵੀਨ (56) ਪਤਨੀ ਗੁਲਜ਼ਾਰ ਮਸੀਹ ਵਾਸੀ ਪਿੰਡ ਅਬੁਲਖੈਰ ਨੂੰ ਇਲਾਜ ਲਈ ਸਿਵਲ ਹਸਪਤਾਲ, ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਸਰਪੰਚ ਡੈਨੀਅਲ ਗਿੱਲ ਅਤੇ ਹੋਰਨਾਂ ਨੇ ਇਸ ਮੌਕੇ ਬਿਜਲੀ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿੰਡ ਵਿੱਚ ਅੱਧਾ ਦਰਜਨ ਐਸੇ ਘਰ ਹਨ ਜਿਨ੍ਹਾਂ ਦੀਆਂ ਛੱਤਾਂ ਤੋਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ। ਪਾਵਰ ਕੌਮ ਨੂੰ ਇਸ ਸਬੰਧੀ ਕਈ ਵਾਰ ਬੇਨਤੀ ਕੀਤੀ ਗਈ ਹੈ ਅਤੇ ਕੁਝ ਸਮੇਂ ਪਹਿਲਾਂ ਤਾਰਾਂ ਹਟਾਉਣ ਲਈ ਬਣਦੀ ਫ਼ੀਸ ਵੀ ਮਹਿਕਮੇ ਨੂੰ ਜਮ੍ਹਾਂ ਕਰਵਾ ਦਿੱਤੀ ਗਈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਲਲਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪਿੰਡ ਵਾਸੀਆਂ ਨੇ ਤਾਰਾਂ ਹਟਾਉਣ ਲਈ ਫ਼ੀਸ ਜਮ੍ਹਾਂ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲੇ ਮਹਿਕਮੇ ਦੇ ਕਰਮਚਾਰੀ ਤਾਰਾਂ ਹਟਾਉਣ ਗਏ ਸਨ ਪਰ ਜਿਸ ਵਿਅਕਤੀ ਦੇ ਖੇਤਾਂ ਵਿਚ ਬਿਜਲੀ ਦਾ ਖੰਭਾ ਲਗਾਉਣਾ ਸੀ ਉਸ ਦੇ ਮਾਲਕ ਨੇ ਵਿਰੋਧ ਕਰਦਿਆਂ ਖੰਭਾ ਲਗਾਉਣ ਤੋਂ ਰੋਕ ਦਿੱਤਾ। ਇਸ ਦੇ ਬਾਅਦ ਪਿੰਡ ਦੇ ਸਰਪੰਚ ਨਾਲ ਵੀ ਗੱਲ ਕੀਤੀ ਗਈ ਤਾਂ ਕਿ ਉਸ ਵਿਅਕਤੀ ਨੂੰ ਸਮਝਾਇਆ ਜਾਏ ਜਾਂ ਫਿਰ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਏ। ਇਸ ਦੇ ਬਾਅਦ ਹੀ ਲੋਕਾਂ ਦੇ ਘਰਾਂ ਤੋਂ ਬਿਜਲੀ ਦੀਆਂ ਤਾਰਾਂ ਹਟ ਸਕਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All