ਪੱਤਰ ਪ੍ਰੇਰਕ
ਪਠਾਨਕੋਟ, 14 ਜਨਵਰੀ
ਧਾਰ ਬਲਾਕ ਦੇ ਅਧੀਨ ਪੈਂਦੇ ਪਿੰਡ ਦੁਰੰਗ ਖੱਡ ਵਿੱਚ ਇੱਕ 60 ਸਾਲਾ ਔਰਤ ਅੱਗ ਵਿੱਚ ਝੁਲਸ ਗਈ। ਔਰਤ ਦੇ ਪਰਿਵਾਰ ਨੇ ਅੱਗ ਲਗਾਉਣ ਦਾ ਦੋਸ਼ ਗੁਆਂਢੀਆਂ ਉਪਰ ਲਗਾਇਆ ਹੈ। ਦੂਸਰੇ ਪਾਸੇ ਔਰਤ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲਾ ਇਲਾਜ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਔਰਤ ਦੀ ਪਛਾਣ ਦਰਸ਼ਨਾ ਪਤਨੀ ਕਿਸ਼ੋਰੀ ਲਾਲ ਵਜੋਂ ਹੋਈ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਗੁਆਂਢੀਆਂ ਨਾਲ ਅੱਜ ਸਵੇਰੇ ਤੂੰ-ਤੂੰ ਮੈਂ-ਮੈ ਹੋ ਗਈ। ਜਿਸ ਦੇ 5 ਮਿੰਟ ਬਾਅਦ ਹੀ ਗੁਆਂਢੀਆਂ ਨੇ ਔਰਤ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।