ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 21 ਸਤੰਬਰ
ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਭੰਗਵਾਂ ਵਿੱਚ ਬੀਤੀ ਰਾਤ ਇਕ ਟਿਊਬਵੈੱਲ ਉੱਤੋਂ ਇੱਕ ਔਰਤ ਦੀ ਅਰਧ-ਨਗਨ ਲਾਸ਼ ਮਿਲੀ ਸੀ। ਔਰਤ ਦੀ ਪਛਾਣ ਜੋਤੀ ਪਤਨੀ ਸੌਰਵ ਵਾਸੀ ਗਲੀ ਦਰਬਾਰ ਸਾਹਿਬ ਵਾਲੀ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ ਹੈ। ਇਹ ਟਿਊਬਵੈੱਲ ਕਿਸਾਨ ਬਲਕਾਰ ਸਿੰਘ ਵਾਸੀ ਭੰਗਵਾਂ ਦਾ ਹੈ।
ਇਸ ਸੰਬੰਧੀ ਐੱਸਐੱਚਓ ਜੰਡਿਆਲਾ ਗੁਰੂ ਇੰਸਪੈਕਟਰ ਅਮੋਲਕ ਸਿੰਘ ਅਤੇ ਚੌਕੀ ਇੰਚਾਰਜ ਗਹਿਰੀ ਮੰਡੀ ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਬੀਤੀ ਸ਼ਾਮ ਨੂੰ ਕਿਸਾਨ ਬਲਕਾਰ ਸਿੰਘ ਨੇ ਪੁਲੀਸ ਨੂੰ ਆ ਕੇ ਜਾਣਕਾਰੀ ਦਿੱਤੀ ਕਿ ਉਸ ਦਾ ਟਿਊਬਵੈੱਲ ਜੋ ਭੰਗਵਾਂ ਤੋਂ ਰਾਣਾ ਕਾਲਾ ਜਾਣ ਵਾਲੀ ਸੜਕ ਉਪਰ ਸਥਿਤ ਹੈ, ਉਥੇ ਇੱਕ ਅਣਪਛਾਤੀ ਮਹਿਲਾ ਦੀ ਲਾਸ਼ ਪਈ ਹੋਈ ਹੈ।ਐੱਸਐੱਚਓ ਨੇ ਦੱਸਿਆ ਜਦੋਂ ਪੁਲੀਸ ਨੇ ਮੌਕੇ ਉੱਪਰ ਜਾ ਕੇ ਦੇਖਿਆ ਤਾਂ ਉਥੇ ਅਰਧਨਗਨ ਹਾਲਤ ਵਿਚ ਇੱਕ ਮਹਿਲਾ ਉਮਰ ਕਰੀਬ 30 -32 ਸਾਲ ਦੀ ਲਾਸ਼ ਪਈ ਸੀ।ਜਿਸ ਦੀ ਖੱਬੀ ਬਾਂਹ ਉੱਪਰ ਇੰਦਰਜੀਤ ਲਿਖਿਆ ਹੋਇਆ ਸੀ ਤੇ ਉਸ ਉਪਰ ਬਲੇਡ ਨਾਲ ਕੱਟ ਲਗਾਏ ਹੋਏ ਸਨ।ਮਹਿਲਾ ਦੀ ਲਾਸ਼ ਕੋਲ ਇਕ ਲਾਈਟਰ ਵੀ ਪਿਆ ਮਿਲਿਆ ਹੈ।ਪੁਲੀਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਦਿਹਾਤੀ ਸਵਪਨ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।