ਗੁਰਬਖਸ਼ਪੁਰੀ
ਤਰਨ ਤਾਰਨ, 16 ਅਕਤੂਬਰ
ਇਲਾਕੇ ਦੇ ਪਿੰਡ ਜੌਹਲ ਰਾਜੂਸਿੰਘ ਦੀ ਵਸਨੀਕ ਇਕ ਗਰੀਬ ਔਰਤ ਬਲਵਿੰਦਰ ਕੌਰ ਵੱਲੋਂ ਉਸ ਦੀ ਮਾਰਕੁੱਟ ਕਰਨ ਤੇ ਘਰ ਦਾ ਕੰਮ ਕਰਨ ਲਈ ਬਣਾਈ ਰੇਹੜੀ ਚੁੱਕ ਕੇ ਲੈ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਉਸਨੂੰ ਦੋ ਮਹੀਨਿਆਂ ਤੱਕ ਪੁਲੀਸ ਅਧਿਕਾਰੀਆਂ ਦੇ ਤਰਲੇ-ਮਿਨਤਾਂ ਕੱਢਈਆਂ ਪਈਆਂ। ਅੱਜ ਆਪਣੇ ਦੁੱਖਾ ਦੀ ਦਾਸਤਾਨ ਸੁਣਾਉਂਦਿਆਂ ਬਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਜਾਬਰ ਕਿਸਮ ਦੇ ਲੋਕਾਂ ਨੂੰ ਉਸ ਵੱਲੋਂ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਜਾਂਦੀ ਰੇਹੜੀ ਤੇ ਪਸ਼ੂ ਬੰਨ੍ਹੇ ਜਾਣ ’ਤੇ ਇਤਰਾਜ ਰਹਿੰਦਾ ਸੀ ਪਰ ਉਸ ਦੀਆਂ ਮਜਬੂਰੀਆਂ ਕਰਕੇ ਉਸ ਕੋਲ ਅਜਿਹਾ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ| ਉਸ ਨੇ ਦੱਸਿਆ ਕਿ ਪਿੰਡ ਵਾਸੀ ਬਲਜੀਤ ਸਿੰਘ, ਕਰਮਜੀਤ ਸਿੰਘ ਰਿੰਕੂ, ਦਵਿੰਦਰ ਸਿੰਘ, ਗੁਰਬਿੰਦਰ ਸਿੰਘ ਸੋਨਾ ਤੇ ਤੇਜਿੰਦਰਪਾਲ ਸਿੰਘ ਟੋਨੀ ਨੇ 7 ਅਗਸਤ ਨੂੰ ਸ਼ਾਮ ਵੇਲੇ ਉਸ ਦੀ ਮਾਰਕੁੱਟ ਕੀਤੀਅਤੇ ਉਸ ਦੀ ਰੇਹੜੀ ਚੁੱਕ ਕੇ ਲੈ ਗਏ| ਉਹ ਕਈ ਦਿਨ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਰਹੀ| ਉਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਵਾਰਦਾਤ ਦੇ ਛੇਤੀ ਬਾਅਦ ਹੀ ਇਥੇ ਥਾਣਾ ਸਿਟੀ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਪਰ ਵਾਰ ਵਾਰ ਪੁਲੀਸ ਅਧਿਕਾਰੀਆਂ ਨੂੰ ਬੇਨਤੀਆਂ ਕਰਨ ’ਤੇ ਵੀ ਪੁਲੀਸ ਨੇ ਕਾਰਵਾਈ ਕਰਨ ਤੋਂ ਟਾਲਾ ਵੱਟੀ ਰੱਖਿਆ। ਅਖ਼ੀਰ ਪੁਲੀਸ ਨੇ ਸ਼ਨਿਚਰਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ।