ਪੱਤਰ ਪ੍ਰੇਰਕ
ਕਾਦੀਆਂ, 27 ਮਈ
ਇੱਥੇ ਇੱਕ ਔਰਤ ਵੱਲੋਂ ਆਪਣੇ ਨਣਦੋਈਏ ਅਤੇ ਉਸ ਦੇ ਸਾਥੀਆਂ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਮਨਜੋਤ ਕੌਰ ਨੇ ਕਿਹਾ ਹੈ ਕਿ ਉਸ ਦਾ ਵਿਆਹ ਮਨਜੀਤ ਸਿੰਘ ਵਾਸੀ ਲਾਧੂਪੁਰ ਨਾਲ ਹੋਇਆ। ਉਸ ਦੀਆਂ ਦੋ ਧੀਆਂ ਰੂਪਾਲੀ ਅਤੇ ਕਸ਼ਿਸ ਹਨ। ਉਸ ਦੇ ਸਹੁਰੇ ਝੁਜਾਰ ਸਿੰਘ ਨੇ ਲਗਪਗ ਸਾਡੇ ਤਿੰਨ ਏਕੜ ਜ਼ਮੀਨ ਉਸ ਦੇ ਪਤੀ ਦੇ ਨਾਂ ਕੀਤੀ ਹੋਈ ਸੀ। ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ। ਮਨਜੋਤ ਕੌਰ ਨੇ ਦੱਸਿਆ ਕਿ ਉਸ ਨੇ ਬੱਚਿਆਂ ਦੀ ਦੇਖਭਾਲ ਦੇ ਮਕਸਦ ਨਾਲ ਗੁਰਨਾਮ ਸਿੰਘ ਫ਼ੌਜੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਉਹ ਆਪਣੇ ਪਤਿ ਨਾਲ ਸ੍ਰੀਅਨਗਰ ਰਹਿ ਰਹੀ ਹੈ। ਉਸ ਦੀ ਜ਼ਮੀਨ ਦੇ ਠੇਕੇਦਾਰ ਬਲਜੀਤ ਸਿੰਘ ਨੂੰ ਉਸ ਦੇ ਪਹਿਲੇ ਪਤੀ ਦੇ ਰਿਸ਼ਤੇਦਾਰਾਂ ਵਿੱਚੋਂ ਉਸ ਦੇ ਨਣਦੋਈਏ ਅਤੇ ਨੰਦਾ ਧਮਕੀਆਂ ਦੇ ਰਹੇ ਹਨ। ਮਨਜੌਤ ਕੌਰ ਨੇ ਦੱਸਿਆ ਕਿ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਜਦਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਡੀਐੱਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸਐੱਸਪੀ ਦਫ਼ਤਰ ਤੋਂ ਸ਼ਿਕਾਇਤ ਸਬੰਧੀ ਮਾਮਲਾ ਜਾਂਚ ਲਈ ਮਿਲ ਗਿਆ ਹੈ। ਦੋਂਵੇ ਪਾਰਟੀਆਂ ਨੂੰ 28 ਮਈ ਨੂੰ ਸੱਦਿਆ ਗਿਆ ਹੈ ਜੇ ਦੋਸ਼ੀ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।