ਐੱਨ.ਪੀ.ਧਵਨ
ਪਠਾਨਕੋਟ, 7 ਜੂਨ
ਨਗਰ ਕੌਂਸਲ ਸੁਜਾਨਪੁਰ ਦੇ ਅਧੀਨ ਪੈਂਦੀ ਆਬਾਦੀ ਕੈਲਾਸ਼ਪੁਰ ਵਿੱਚ ਵਾਟਰ ਸਪਲਾਈ ਦੇ ਵਾਲਵ ਟੈਂਕ ਦੀ ਮੁਰੰਮਤ ਕਰਨ ਲਈ ਕਾਫੀ ਦਿਨਾਂ ਤੋਂ ਖੋਲ੍ਹਿਆ ਹੋਇਆ ਹੈ ਪਰ ਅਜੇ ਤੱਕ ਮੁਰੰਮਤ ਨਾ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।
ਸੇਵਾ ਮੁਕਤ ਸੈਨਿਕ ਮਹਿੰਦਰ ਸਿੰਘ, ਬਲਬੀਰ ਕੁਮਾਰ, ਵਜ਼ੀਰ ਚੰਦ, ਥੁੜੂ ਰਾਮ ਆਦਿ ਨੇ ਦੱਸਿਆ ਕਿ ਇਸ ਵਾਲਵ ਟੈਂਕ ਨੂੰ ਕਾਫੀ ਦਿਨਾਂ ਤੋਂ ਮੁਰੰਮਤ ਲਈ ਖੋਲ੍ਹ ਕੇ ਰੱਖਿਆ ਹੈ। ਇਹ ਵਾਲਵ ਟੈਂਕ ਸੜਕ ਦੇ ਕਿਨਾਰੇ ’ਤੇ ਹੈ ਅਤੇ ਕਿਸੇ ਵੇਲੇ ਵੀ ਕੋਈ ਬੱਚਾ ਜਾਂ ਵਿਅਕਤੀ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਹੀ ਨਹੀਂ ਰਾਤ ਦੇ ਸਮੇਂ ਹਨੇਰੇ ਵਿੱਚ ਵੀ ਕੋਈ ਇਥੇ ਡਿੱਗ ਕੇ ਜ਼ਖ਼ਮੀ ਹੋ ਸਕਦਾ ਹੈ ਪਰ ਨਗਰ ਕੌਂਸਲ ਦਾ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਰਿਪੇਅਰ ਕਰਕੇ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ। ਨਗਰ ਕੌਂਸਲ ਸੁਜਾਨਪੁਰ ਦੇ ਕਾਰਜਕਾਰੀ ਅਧਿਕਾਰੀ ਜਤਿੰਦਰ ਮਹਾਜਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।