ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 8 ਅਪਰੈਲ
ਇੱਥੇ ਅੱਜ ਸਵੇਰੇ ਜੀਟੀ ਰੋਡ ’ਤੇ ਦਾਣਾ ਮੰਡੀ ਦੇ ਸਾਹਮਣੇ ਇਕ ਘੜੁਕੇ ਤੇ ਮਿਨੀ ਟਰੱਕ ਵਿਚਾਲੇ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋਹਾਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ।
ਮਿਨੀ ਟਰੱਕ ਦੇ ਚਾਲਕ ਦਲਜੀਤ ਸਿੰਘ ਵਾਸੀ ਸੁਲਤਾਨਵਿੰਡ ਨੇ ਦੱਸਿਆ ਉਹ ਲੁਧਿਆਣਾ ਵੱਲੋਂ ਆਪਣੇ ਛੋਟੇ ਟਰੱਕ ਨੰਬਰ ਪੀਬੀ10ਸੀਵੀ-9695 ’ਤੇ ਅੰਮ੍ਰਿਤਸਰ ਮਾਲ ਲੈ ਕੇ ਆ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਸਥਾਨਕ ਦਾਣਾ ਮੰਡੀ ਦੇ ਸਾਹਮਣੇ ਪਹੁੰਚਿਆ ਤਾਂ ਸਾਹਮਣੇ ਤੋਂ ਗਲਤ ਦਿਸ਼ਾ ਵਿੱਚ ਆ ਰਹੇ ਇਕ ਘੜੁੱਕੇ ਨੇ ਅਚਾਨਕ ਦੂਜੇ ਪਾਸੇ ਨੂੰ ਮੋੜ ਦਿੱਤਾ ਅਤੇ ਸੜਕ ਵਿਚਾਲੇ ਬਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਦੀ ਘੜੁੱਕੇ ਨਾਲ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਉਸ ਦਾ ਛੋਟਾ ਟਰੱਕ ਜੀਟੀ ਰੋਡ ’ਤੇ ਪਲਟ ਗਿਆ ਅਤੇ ਟਰੱਕ ਵਿੱਚ ਲੱਦਿਆ ਸਾਰਾ ਸਾਮਾਨ ਜੀਟੀ ਰੋਡ ’ਤੇ ਖਿੱਲਰ ਗਿਆ। ਘੜੁੱਕੇ ਨੂੰ ਸੁਖਦੇਵ ਸਿੰਘ ਵਾਸੀ ਬਟਾਲਾ ਚਲਾ ਰਿਹਾ ਸੀ। ਉੱਥੋਂ ਪੈਦਲ ਲੰਘ ਰਹੀ ਇਕ ਮਹਿਲਾ ਹਾਦਸਾ ਦੇਖ ਕੇ ਡਰ ਗਈ ਅਤੇ ਨਜ਼ਦੀਕ ਤੋਂ ਲੰਘਦੇ ਇਕ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਹੈ।