ਪੱਤਰ ਪ੍ਰੇਰਕ
ਤਰਨ ਤਾਰਨ, 11 ਜੁਲਾਈ
ਅੱਜ ਸਵੇਰ ਵੇਲੇ ਇਲਾਕੇ ਵਿੱਚ ਆਈ ਤੇਜ਼ ਹਨੇਰੀ ਕਾਰਨ ਇਥੋਂ ਦੇ ਝਬਾਲ-ਅੰਮ੍ਰਿਤਸਰ ਬਾਈਪਾਸ ਵਾਲੇ ਚੌਕ ’ਤੇ ਦੋ ਵਾਹਨਾਂ ਦੇ ਟਕਰਾ ਜਾਣ ਕਾਰਨ ਮੌਕੇ ’ਤੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ| ਚੌਕ ਵਿੱਚ ਬੱਸਾਂ ਆਦਿ ਦੀ ਉਡੀਕ ਕਰਦੇ ਲੋਕਾਂ ਨੇ ਆਸ ਪਾਸੇ ਦੌੜ ਕੇ ਆਪਣੀਆਂ ਜਾਨਾਂ ਬਚਾਈਆਂ| ਹਾਦਸੇ ਵਿੱਚ ਟਕਰਾਉਣ ਵਾਲੇ ਵਾਹਨਾਂ ਵਿੱਚੋਂ ਇੰਡੀਕਾ ਕਾਰ ਦੇ ਸ਼ੀਸ਼ੇ ਟੁੱਟ ਗਏ ਜਦੋਂਕਿ ਕਾਰ ਨਾਲ ਟਕਰਾਇਆ ਛੋਟਾ ਟਰੱਕ ਚੌਕ ਦੇ ਇਕ ਪਾਸੇ ਦੀਆਂ ਦੁਕਾਨਾਂ ਵਿੱਚ ਜਾ ਵੜਿਆ| ਇਸ ਨਾਲ ਕਈ ਦੁਕਾਨਾਂ ਦਾ ਨੁਕਸਾਨ ਹੋਇਆ| ਟਰੱਕ ਨੇ ਇਕ ਰਿਕਸ਼ਾ ਨੂੰ ਵੀ ਆਪਣੀ ਚਪੇਟ ’ਚ ਲੈ ਲਿਆ ਤੇ ਰਿਕਸ਼ਾ ਦਾ ਵੀ ਕਾਫੀ ਨੁਕਸਾਨ ਹੋਇਆ| ਚੌਕ ’ਤੇ ਡਿਉਟੀ ਦੇ ਰਹੇ ਏਐੱਸਆਈ ਕਾਬਲ ਸਿੰਘ ਨੇ ਦੱਸਿਆ ਕਿ ਕੋਕਾ ਕੋਲਾ ਕੰਪਨੀ ਦੀ ਸਪਲਾਈ ਲੈ ਕੇ ਟਰੱਕ ਜੰਡਿਆਲਾ ਗੁਰੂ ਤੋਂ ਝਬਾਲ ਵੱਲ ਨੂੰ ਜਾ ਰਿਹਾ ਸੀ| ਤੇਜ਼ ਰਫਤਾਰ ਕਾਰ ਤਰਨ ਤਾਰਨ ਸ਼ਹਿਰ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ| ਕਾਬਲ ਸਿੰਘ ਨੇ ਦੱਸਿਆ ਕਿ ਕਾਰ ਇੰਨੀ ਤੇਜ਼ ਰਫਤਾਰ ਸੀ ਕਿ ਉਹ ਦੋ ਵਾਰ ਟਰੱਕ ਨਾਲ ਟਕਰਾਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।