ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ,9 ਜੁਲਾਈ
ਟੀ ਪੁਆਇੰਟ ਫਤਿਆਬਾਦ ਵਿੱਚ ਟਰੈਫਿਕ ਪੁਲੀਸ ਵੱਲੋ ਲਾਏ ਨਾਕੇ ਦੌਰਾਨ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿੱਚ ਸਰਕਾਰੀ ਅਧਿਆਪਕ ਹੱਥੋਪਾਈ ਹੋ ਗਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜ਼ਿਕਰਯੋਗ ਹੈ ਕਿ ਨਾਕੇ ਦੌਰਾਨ ਟਰੈਫਿਕ ਪੁਲੀਸ ਮੁਲਾਜ਼ਮਾਂ ਵੱਲੋਂ ਵਾਹਨ ਚਾਲਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਟਰੈਫਿਕ ਪੁਲੀਸ ਮੁਲਾਜ਼ਮਾਂ ਦਾ ਵਾਹਨ ਦੇ ਕਾਗਜ਼ਾਤ ਨੂੰ ਲੈ ਕੇ ਇੰਡੀਗੋ ਕਾਰ ਚਾਲਕ ਅਧਿਆਪਕ ਨਾਲ ਵਿਵਾਦ ਹੋ ਗਿਆ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਟਰੈਫਿਕ ਪੁਲੀਸ ਵੱਲੋ ਸਬੰਧਤ ਅਧਿਆਪਕ ਦਾ ਚਲਾਨ ਕਰ ਦਿੱਤਾ ਗਿਆ। ਟਰੈਫਿਕ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਪੁਲੀਸ ਪਾਰਟੀ ਸਮੇਤ ਟੀ ਪੁਆਇੰਟ ਫਤਿਆਬਾਦ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇੰਡੀਗੋ ਵਿੱਚ ਸਵਾਰ ਸਰਕਾਰੀ ਮਾਸਟਰ ਨਛੱਤਰ ਸਿੰਘ ਜੋ ਕਸਬਾ ਫਤਿਆਬਾਦ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਤਾਇਨਾਤ ਹੈ ਨੂੰ ਰੋਕਿਆ ਗਿਆ। ਉਸ ਦਾ ਅਲਕੋਮੀਟਰ ਦੁਆਰਾ ਚੈੱਕ ਕਰਨ ’ਤੇ ਅਲਕੋਹਲ ਦਾ ਸੇਵਨ ਕਰਨਾ ਪਾਇਆ ਗਿਆ। ਇਸ ਮੌਕੇ ਰੋਸ ਵਿੱਚ ਆਏ ਅਧਿਆਪਕ ਵੱਲੋਂ ਪੁਲੀਸ ਮੁਲਾਜ਼ਮਾਂ ਨਾਲ ਉਲਝਣਾ ਸ਼ੁਰੂ ਕਰ ਦਿੱਤਾ ਗਿਆ।ਟਰੈਫਿਕ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਦੇ ਹੋਏ ਅਧਿਆਪਕ ਨਛੱਤਰ ਸਿੰਘ ਵੱਲੋਂ ਪੁਲੀਸ ਮੁਲਾਜ਼ਮਾਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਡਰਾਈਵਿੰਗ ਦੌਰਾਨ ਅਧਿਆਪਕ ਵੱਲੋ ਸ਼ਰਾਬ ਦੇ ਸੇਵਨ ਦੀ ਪੁਸ਼ਟੀ ਹੋਣ ਮਗਰੋਂ ਕਾਰ ਚਾਲਕ ਦਾ ਚਲਾਨ ਕਰ ਦਿੱਤਾ ਗਿਆ ਹੈ।