ਗੁਰਦਾਸਪੁਰ (ਕੇਪੀ ਸਿੰਘ): ਦਸਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਵਿਦਿਆਰਥਣ ਸ਼ਿਵਾਨੀ ਬੱਗਾ ਨੇ 635 ਅੰਕਾਂ ਨਾਲ ਸੂਬੇ ਭਰ ਵਿੱਚੋਂ 11ਵਾਂ ਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ 14 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ ਜਿਨ੍ਹਾਂ ਵਿੱਚੋਂ 7 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਇਨ੍ਹਾਂ ਵਿੱਚੋਂ ਤਿੰਨ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦੇ ਹਨ ਤੇ ਦੋ ਵਿਦਿਆਰਥੀ ਫ਼ਤਿਹਗੜ੍ਹ ਚੂੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ 14 ਮੈਰਿਟ ਵਿੱਚ ਆਏ ਵਿਦਿਆਰਥੀਆਂ ਵਿੱਚੋਂ 12 ਲੜਕੀਆਂ ਹਨ। ਦੂਜੇ ਸਥਾਨ ’ਤੇ ਰਹਿਣ ਵਾਲਾ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਖੂਪੁਰ (ਬਟਾਲਾ) ਦਾ ਜੈਦੀਪ ਸਿੰਘ ਹੈ ਜਿਸ ਨੇ 650 ਵਿੱਚੋਂ 634 ਅੰਕ ਹਾਸਲ ਕਰ ਕੇ ਜ਼ਿਲ੍ਹੇ ਵਿੱਚੋਂ ਦੂਜਾ ਤੇ ਸੂਬੇ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ । 634 ਅੰਕਾਂ ਨਾਲ ਸੂਬੇ ਵਿੱਚੋਂ 13ਵਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਪਲਕ ਅਗਰਵਾਲ ਗੁਰਦਾਸਪੁਰ ਸ਼ਹਿਰ ਦੇ ਬਾਲ ਵਿਦਿਆ ਮੰਦਰ ਹਾਈ ਸਕੂਲ ਦੀ ਵਿਦਿਆਰਥਣ ਹੈ।