ਕੇ.ਪੀ ਸਿੰਘ
ਗੁਰਦਾਸਪੁਰ, 29 ਅਕਤੂਬਰ
ਇੱਥੋਂ ਦੀ ਕਾਹਨੂੰਵਾਨ ਰੋਡ ਉੱਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਸਕੂਟੀ ਨੂੰ ਓਵਰਟੇਕ ਕਰਦਿਆਂ ਇਸ ਦੀ ਚਾਲਕ ਨੌਜਵਾਨ ਲੜਕੀ ਨੂੰ ਦਰੜ ਦਿੱਤਾ ਜਦ ਕਿ ਇਸ ਲੜਕੀ ਦੇ ਨਾਲ ਬੈਠੀ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਸ਼ਿਵਾਨੀ ਸ਼ਰਮਾ (20) ਪੁੱਤਰੀ ਲਲਿਤ ਕੁਮਾਰ ਅਤੇ ਅਨੀਤਾ ਪਤਨੀ ਪੀਟਰ ਦੋਵੇਂ ਵਾਸੀ ਕਾਹਨੂੰਵਾਨ ਵਜੋਂ ਹੋਈ ਹੈ। ਸ਼ਿਵਾਨੀ ਦੇ ਪਿਤਾ ਲਲਿਤ ਕੁਮਾਰ ਨੇ ਦੱਸਿਆ ਕਿ ਸ਼ਿਵਾਨੀ ਗੁਰਦਾਸਪੁਰ ਦੇ ਤਿੱਬੜੀ ਰੋਡ ਸਥਿਤ ਇੱਕ ਕੋਚਿੰਗ ਸੈਂਟਰ ਵਿੱਚ ਪੜ੍ਹ ਰਹੀ ਸੀ। ਉਸ ਦਾ ਵੱਡਾ ਭਰਾ ਕੈਨੇਡਾ ਰਹਿੰਦਾ ਹੈ ਜਿਸ ਦੇ ਚੱਲਦਿਆਂ ਸ਼ਿਵਾਨੀ ਨੇ ਵੀ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਲਈ ਫਾਈਲ ਲਗਾਈ ਹੋਈ ਸੀ। ਅੱਜ ਸ਼ੁੱਕਰਵਾਰ ਸਵੇਰੇ ਹੀ ਉਨ੍ਹਾਂ ਨੂੰ ਫ਼ੋਨ ’ਤੇ ਪਤਾ ਲੱਗਿਆ ਸੀ ਕਿ ਸ਼ਿਵਾਨੀ ਦਾ ਵਿਦੇਸ਼ ਦੇ ਕਾਲਜ ਵਿੱਚ ਦਾਖਲਾ ਮਨਜ਼ੂਰ ਹੋ ਗਿਆ ਹੈ ਅਤੇ ਇਸ ਗੱਲ ਨੂੰ ਲੈ ਕੇ ਪੂਰਾ ਪਰਿਵਾਰ ਬੇਹੱਦ ਖ਼ੁਸ਼ ਸੀ । ਅੱਜ ਸਵੇਰੇ ਸ਼ਿਵਾਨੀ ਕੋਚਿੰਗ ਸੈਂਟਰ ਜਾਣ ਨਜ਼ਦੀਕ ਹੀ ਰਹਿੰਦੀ ਅਨੀਤਾ ਪਤਨੀ ਪੀਟਰ ਦੇ ਨਾਲ ਸਕੂਟਰ ਤੇ ਗੁਰਦਾਸਪੁਰ ਲਈ ਚਲੀ ਗਈ।
ਸਿਵਲ ਹਸਪਤਾਲ ਵਿੱਚ ਜ਼ਖ਼ਮੀ ਅਨੀਤਾ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਜਦੋਂ ਦੋਵੇਂ ਬੱਬੇਹਾਲੀ ਅੱਡਾ ਪਾਰ ਕਰ ਕੇ ਗੁਰਦਾਸਪੁਰ ਵੱਲ ਜਾ ਰਹੀਆਂ ਸਨ ਤਾਂ ਸੰਧੂ ਕੰਪਨੀ ਦੀ ਬੱਸ ਨੇ ਉਨ੍ਹਾਂ ਨੂੰ ਓਵਰਟੇਕ ਕਰਦਿਆਂ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿਗ ਗਈਆਂ । ਬੱਸ ਦਾ ਟਾਇਰ ਸ਼ਿਵਾਨੀ ਦੇ ਉੱਪਰੋਂ ਲੰਘ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਅਨੀਤਾ ਗੰਭੀਰ ਜ਼ਖ਼ਮੀ ਹੋ ਗਈ। ਤਿੱਬੜ ਥਾਣੇ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਬੱਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।