ਜਤਿੰਦਰ ਬੈਂਸ
ਗੁਰਦਾਸਪੁਰ, 5 ਅਕਤੂਬਰ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਸਾਣੀਆਂ ਵਿੱਚ ਅਨੁਸੂਚਿਤ ਜਾਤਾਂ ਦੀ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪੈਦਾ ਵਿਵਾਦ ਦਾ ਅਜੇ ਹੱਲ ਨਹੀਂ ਹੋਇਆ। ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਨ ਅਤੇ ਮਜ਼ਦੂਰਾਂ ਉੱਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਦੇ ਬਾਵਜੂਦ ਕਾਰਵਾਈ ਨਾ ਹੋਣ ਤੋਂ ਖਫ਼ਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਵਿੱਚ ਪੰਜਾਬ ਖੇਤ ਸਭਾ ਦੇ ਜ਼ਿਲ੍ਹਾ ਆਗੂ ਸੁਭਾਸ਼ ਕੈਰੇ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ। ਫੈਸਲੇ ਅਨੁਸਾਰ 8 ਅਕਤੂਬਰ ਨੂੰ ਸਮੂਹ ਜਥੇਬੰਦੀਆਂ ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮਿਲਣ ਅਤੇ 18 ਅਕਤੂਬਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਐੱਸਐੱਸਪੀ ਬਟਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਵਿਜੇ ਸੋਹਲ, ਸੀਟੀਯੂ ਦੇ ਕਾਮਰੇਡ ਠਾਕੁਰ ਧਿਆਨ ਸਿੰਘ, ਭੱਠਾ ਮਜ਼ਦੂਰ ਯੂਨੀਅਨ ਦੇ ਸਰਵਣ ਸਿੰਘ ਭੋਲਾ, ਭੀਮ ਆਰਮੀ ਦੇ ਬਲਵਿੰਦਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਪੰਡੋਰੀ, ਮਾਸਟਰ ਪ੍ਰੇਮ ਲਾਲ ਖੋਜੇਪੁਰ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਸੁਖਦੇਵ ਰਾਜ, ਤਰਕਸ਼ੀਲ ਸੁਸਾਇਟੀ ਦੇ ਸੁੱਚਾ ਸਿੰਘ, ਭਾਰਤੀ ਨਿਵਾਸੀ ਫਰੰਟ ਦੇ ਤਰਲੋਕ ਚੰਦ, ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਦੇ ਅਮਰਜੀਤ ਸ਼ਾਸ਼ਤਰੀ, ਪੀਐੱਸਯੂ ਦੇ ਅਮਰ ਕ੍ਰਾਂਤੀ ਹਾਜ਼ਰ ਸਨ।