ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 4 ਜੁਲਾਈ
ਬੀਤੇ ਦਿਨੀਂ ਆਈ ਬਰਸਾਤ ਅਤੇ ਤੇਜ਼ ਹਨੇਰੀ ਕਾਰਨ ਪਿੰਡ ਛਿਛਰੇਵਾਲ ਤੇ ਹੋਰ ਪਿੰਡਾਂ ਵਿੱਚ ਲੋਕਾਂ ਵੱਲੋਂ ਘਰਾਂ ਤੇ ਦੁਕਾਨਾਂ ਅੱਗੇ ਬਣਾਏ ਟੀਨਾਂ ਦੇ ਸ਼ੈੱਡ ਤਹਿਸ ਨਹਿਸ ਹੋ ਗਏ ਤੇ ਉਡ ਗਏ। ਕਈ ਸ਼ੈੱਡਾਂ ਵਿੱਚ ਖੜ੍ਹੀਆਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਮੌਕੇ ਇਲਾਕੇ ਵਿੱਚ ਬਿਜਲੀ ਦੇ ਅਨੇਕਾਂ ਟਰਾਂਸਫਾਰਮਰ ਤੇ ਪੋਲ ਵੀ ਡਿੱਗ ਪਏ ਹਨ। ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਅਨੇਕਾਂ ਦਰੱਖਤ ਵੀ ਸੜਕਾਂ ’ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਜਿਨ੍ਹਾਂ ਨੂੰ ਵਣਮੰਡਲ ਗੁਰਦਾਸਪੁਰ ਰੇਂਜ ਅਲੀਵਾਲ ਬੀਟ ਫਤਹਿਗੜ੍ਹ ਚੂੜੀਆਂ ਵਣ ਅਫਸਰ ਮੈਡਮ ਸਵਰੂਪ ਕੌਰ ਵੱਲੋਂ ਮੌਕੇ ’ਤੇ ਪਹੁੰਚ ਕੇ ਫੀਲਡ ਕਰਮਚਾਰੀਆਂ ਤੇ ਆਸਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ।