ਪੱਤਰ ਪ੍ਰੇਰਕ
ਪਠਾਨਕੋਟ, 2 ਅਪਰੈਲ
ਜ਼ਿਲ੍ਹਾ ਪੁਲੀਸ ਮੁਖੀ ਦਾ ਦਫਤਰ ਹਰ ਸਮੇਂ ਲੋਕਾਂ ਦੀ ਸੁਵਿਧਾ ਲਈ ਹੈ ਅਤੇ ਕਿਸੇ ਵੀ ਸਮੇਂ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲ ਸਕਦਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਵਿੱਚ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਨ ਸਮੇਂ ਇੱਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਸ਼ਹਿਰ ਵਿੱਚ ਅਪਰਾਧਾਂ ਉਪਰ ਕਾਬੂ ਪਾਉਣ ਵਿੱਚ ਲੱਗੀ ਹੋਈ ਹੈ। ਵਿਸ਼ੇਸ਼ ਕਰਕੇ ਨਸ਼ੇ ਨੂੰ ਲੈ ਕੇ ਪੁਲੀਸ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਵਾਸੀ ਹੀ ਪੁਲੀਸ ਦੀਆਂ ਅੱਖਾਂ ਅਤੇ ਬਾਹਾਂ ਹਨ। ਜੇ ਲੋਕ ਸਹਿਯੋਗ ਦੇਣ ਤਾਂ ਉਹ ਦਾਅਵਾ ਕਰਦੇ ਹਨ ਕਿ ਜੁਰਮਾਂ ਉਪਰ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਬਾਜ਼ਾਰਾਂ ਵਿੱਚ ਆਪਣੀਆਂ ਦੁਕਾਨਾਂ ਮੂਹਰੇ ਸੀਸੀਟੀਵੀ ਕੈਮਰੇ ਲਗਾਉਣ। ਉਨ੍ਹਾਂ ਇਹ ਵੀ ਕਿਹਾ ਕਿ ਥੋੜ੍ਹੇ-ਥੋੜ੍ਹੇ ਦੁਕਾਨਦਾਰ ਮਿਲ ਕੇ ਰਾਤ ਨੂੰ ਆਪਣੀ-ਆਪਣੀ ਮਾਰਕੀਟ ਵਿੱਚ ਚੌਕੀਦਾਰ ਰੱਖਣ ਤਾਂ ਜੋ ਚੋਰੀਆਂ ਉਪਰ ਰੋਕ ਲੱਗ ਸਕੇ। ਵਪਾਰੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਕਿਹਾ ਕਿ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਭਦਰੋਆ, ਛੰਨੀ ਬੇਲੀ ਖੇਤਰ ਵਿੱਚ ਚੱਲ ਰਹੇ ਨਸ਼ਿਆਂ ਦੇ ਵਪਾਰ ਨੂੰ ਠੱਲ੍ਹ ਪਾਈ ਜਾਵੇ।