ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 11 ਅਗਸਤ
ਇੱਥੇ ਕੇਂਦਰੀ ਜੇਲ੍ਹ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਨੇ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹੀਆਂ। ਜੇਲ੍ਹ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਨੇ ਦੱਸਿਆ ਕਿ ਰੱਖੜੀ ਦੇ ਮੱਦੇਨਜ਼ਰ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਸਵੇਰੇ ਤੋਂ ਹੀ ਜੇਲ੍ਹ ਬਾਹਰ ਉਡੀਕ ਕਰ ਰਹੀਆਂ ਸਨ। ਇਸ ਮੌਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕੈਦੀ ਆਪਣੇ ਪਰਿਵਾਰ ਨਾਲ ਮਿਲੇ ਅਤੇ ਦੁੱਖ-ਸੁੱਖ ਸਾਂਝੇ ਕੀਤੇ। ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਸਜਾਈਆਂ ਗਈਆਂ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਲਈ ਰੱਖੜੀ ਦੇ ਤਿਉਹਾਰ ਮੌਕੇ ਖਾਸ ਤੌਰ ’ਤੇ ਸਹੂਲਤ ਦਿੱਤੀ ਗਈ ਹੈ। ਇਸ ਮੌਕੇ ਸ਼ਾਮ ਤੱਕ ਜੇਲ੍ਹ ਵਿੱਚ ਬੰਦ ਸੈਂਕੜੇ ਕੈਦੀਆਂ ਨੂੰ ਭੈਣਾਂ ਵੱਲੋਂ ਰੱਖੜੀ ਬੰਨ੍ਹ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।