ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 23 ਮਾਰਚ
ਇਕ ਦੁਕਾਨ ਉੱਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਅੱਜ ਥਾਣਾ ਭੈਣੀ ਮੀਆਂ ਖਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ਾਮ ਸਮੇਂ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੇ ਇਕੱਠੇ ਹੋ ਕੇ ਪੁਲੀਸ ਪ੍ਰਸ਼ਾਸਨ ਅਤੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭੜਕੇ ਹੋਏ ਕਿਸਾਨਾਂ ਨੇ ਕਿਹਾ ਕਿ ਥਾਣਾ ਭੈਣੀ ਮੀਆਂ ਖਾਂ ਅਤੇ ਸਮੁੱਚੇ ਜ਼ਿਲ੍ਹੇ ਦੀ ਪੁਲੀਸ ਹਾਕਮ ਧਿਰ ਦੇ ਇਸ਼ਾਰਿਆਂ ਉੱਤੇ ਨੱਚਦੀ ਹੈ। ਜਦੋਂਕਿ ਲੋੜਵੰਦਾਂ ਨੂੰ ਅਤੇ ਗ਼ਰੀਬ ਵਰਗ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੇਹੜੇ ਦੇ ਇੱਕ ਨੌਜਵਾਨ ਦੀ ਦੁਕਾਨ ਉੱਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਪਿੰਡ ਦੇ ਕੁਝ ਲੋਕਾਂ ਦਾ ਕਬਜ਼ਾ ਕਰਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗ਼ਰੀਬ ਪਰਿਵਾਰ ਲਈ ਰੋਜ਼ੀ ਰੋਟੀ ਦਾ ਸੁਆਲ ਖੜ੍ਹਾ ਹੋ ਗਿਆ ਹੈ। ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ, ਸੋਹਣ ਸਿੰਘ ਗਿੱਲ ਅਤੇ ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਜੇ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਵੱਡਾ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਕੀ ਕਹਿੰਦੇ ਨੇ ਥਾਣਾ ਮੁਖੀ ਭੈਣੀ ਮੀਆਂ ਖਾਂ
ਇਸ ਸਬੰਧੀ ਜਦੋਂ ਥਾਣਾ ਮੁਖੀ ਸੁਦੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਬਾਜ਼ਾਰ ਵਿੱਚ ਕੁਝ ਦੁਕਾਨਾਂ ਦੀ ਉਸਾਰੀ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਕੁਝ ਲੋਕ ਪੰਚਾਇਤੀ ਦੁਕਾਨਾਂ ਉੱਤੇ ਆਪਣੀ ਮਾਲਕੀ ਦਾ ਦਾਅਵਾ ਕਰ ਰਹੇ ਹਨ, ਜਿਸ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਨੂੰ ਨਬੇੜ ਲਿਆ ਜਾਵੇਗਾ।