ਦਲਬੀਰ ਸੱਖੋਵਾਲੀਆ
ਬਟਾਲਾ, 27 ਜੂਨ
ਨੇੜਲੇ ਕਸਬਾ ਅਲੀਵਾਲ ਵਿੱਚ ਅੱਜ ਦੁਕਾਨਦਾਰ ਰਜਿੰਦਰ ਸਿੰਘ ਸੋਨੀ ਦੀ ਹੱਸਦੇ ਹੱਸਦੇ ਕੁਝ ਪਲਾਂ ਵਿੱਚ ਹੀ ਮੌਤ ਹੋ ਗਈ। ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਅਤੇ ਭਰਾ ਦੀ ਲੰਘੇ ਸਾਲ ਮੌਤ ਹੋ ਚੁੱਕੀ ਹੈ। ਸੋਨੀ ਦੇ ਚਚੇਰੇ ਭਰਾ ਹਰਵੰਤ ਸਿੰਘ ਅਤੇ ਪੰਚਾਇਤ ਮੈਂਬਰ ਲਾਡੋ ਨੇ ਦੱਸਿਆ ਕਿ ਉਸ ਦਾ ਭਰਾ ਸੋਨੀ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮਾਂ ਪਿਆਰ ਕੌਰ ਅਤੇ ਭੈਣ ਅਨੀਤਾ ਦੇ ਬੱਚੇ ਮਿਲਣ ਲਈ ਦੁਕਾਨ ’ਤੇ ਆਏ। ਉਹ ਜਦੋਂ ਆਪਣੇ ਭਣੇਵਿਆਂ ਨੂੰ ਖਿਡੌਣੇ ਅਤੇ ਹੋਰ ਸਾਮਾਨ ਬੱਸ ’ਚ ਚੜ੍ਹਾਉਣ ਸਮੇਂ ਦੇਣ ਆਇਆ ਤਾਂ ਸੋਨੀ ਆਪਣੀ ਮਾਂ ਅਤੇ ਭੈਣ ਨਾਲ ਹੱਸ ਹੱਸ ਕੇ ਗੱਲਾਂ ਕਰਨ ਲੱਗ ਪਿਆ। ਇਸੇ ਦੌਰਾਨ ਸੋਨੀ ਦੇ ਦਿਲ ਦੀ ਧੜਕਣ ਬੰਦ ਹੋ ਗਈ। ਦੇਖਦਿਆਂ ਹੀ ਦੇਖਦਿਆਂ ਉਹ ਕੁਝ ਹੀ ਮਿੰਟਾਂ ਵਿੱਚ ਹਮੇਸ਼ਾ ਲਈ ਦੁਨੀਆਂ ਤੋਂ ਚੱਲਾ ਗਿਆ।
ਦੱਸਣਯੋਗ ਹੈ ਕਿ ਰਜਿੰਦਰ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਜਦੋਂਕਿ ਉਸ ਦੇ ਭਰਾ ਅਤੇ ਪਿਤਾ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ। ਅੱਜ ਪਿੰਡ ਅਲੀਵਾਲ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਸੜਕ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਪਿੰਡ ਦਾਲਮ ਨੇੜੇ ਬਲੈਰੋ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਵੇਰਵਿਆਂ ਅਨੁਸਾਰ ਕੰਵਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੇੜਾ ਕਲਾਂ ਮੋਟਰਸਾਈਕਲ (ਪੀਬੀ-02 ਸੀਐੱਮ 8082) ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤੇ ਬਲੈਰੋ ਗੱਡੀ ਨਾਲ ਟਕਰਾ ਗਿਆ। ਹਾਦਸੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਚੌਕੀ ਕੁੱਕੜਾਂਵਾਲਾ ਦੇ ਏਐੱਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।