ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਸ਼੍ਰੋਮਣੀ ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਕੇਂਦਰੀ ਅਤੇ ਸੂਬਾਈ ਦਰਜਾ ਇਕ ਦੀਆਂ ਨੌਕਰੀਆਂ ਵਾਸਤੇ ਹੁੰਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਵਾਸਤੇ ਪਟਿਆਲਾ ਨੇੜੇ ਬਹਾਦਰਗੜ੍ਹ ਵਿਖੇ ਇਕ ਵਿਸ਼ੇਸ਼ ਕੋਚਿੰਗ ਕੇਂਦਰ ਸਥਾਪਤ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਹੋਈ। ਬੁਲਾਰੇ ਨੇ ਦੱਸਿਆ ਕਿ ਇਹ ਮੁਫ਼ਤ ਕੋਚਿੰਗ ਕੇਂਦਰ ਟੌਹੜਾ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਬਹਾਦਰਗੜ੍ਹ ਵਿਚ ਸਥਾਪਤ ਕੀਤਾ ਜਾਵੇਗਾ ਜਿੱਥੇ ਗੁਰਸਿੱਖ ਨੌਜਵਾਨਾਂ ਨੂੰ ਕੇਂਦਰ ਦੀਆਂ ਸਿਵਲ ਪ੍ਰੀਖਿਆਵਾਂ ਅਤੇ ਸੂਬੇ ਦੀਆਂ ਸਿਵਲ ਪ੍ਰੀਖਿਆਵਾਂ ਦੇ ਮੁਕਾਬਲਿਆਂ ਵਾਸਤੇ ਕੋਚਿੰਗ ਦਿੱਤੀ ਜਾਵੇਗੀ।